April 29, 2025

ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ, ਸੁਚੇਤ ਰਹਿਣ ਦੀ ਲੋੜ : ਡਿਪਟੀ ਕਮਿਸ਼ਨਰ

0

*ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਕਰਵਾਈ ਗਈ ਮੌਕ ਡਰਿੱਲ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ / 2 ਜੂਨ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ, ਬਲਕਿ ਸੁਚੇਤ ਰਹਿਣ ਦੀ ਲੋੜ ਹੈ। ਉਹ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਪਿੰਡ ਸ਼ੇਰਗੜ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲੈ ਰਹੇ ਸਨ। ਉਨਾਂ ਕਿਹਾ ਕਿ ਟਿੱਡੀ ਦਲ ਦਾ ਫਿਲਹਾਲ ਕੋਈ ਖਤਰਾ ਨਹੀਂ ਹੈ, ਪਰ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਮੌਕ ਡਰਿੱਲ ਕਰਵਾਈ ਗਈ ਹੈ, ਤਾਂ ਜੋ ਟਿੱਡੀ ਦਲ ਨਾਲ ਮੁਕਾਬਲਾ ਕੀਤਾ ਜਾ ਸਕੇ।         

ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ, ਇਸ ਲਈ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਉਨਾਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਆਪਣਾ ਪੂਰਾ ਯੋਗਦਾਨ ਦਿੱਤਾ ਜਾਵੇ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਟਿੱਡੀ ਦਲ ਦਾ ਖਤਰਾ ਦਿਖਾਈ ਦਿੰਦਾ ਹੈ, ਤਾਂ ਤੁਰੰਤ ਸਬੰਧਤ ਖੇਤੀਬਾੜੀ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।         

ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਕਿਹਾ ਕਿ  ਕਿਸਾਨ ਮੋਟਰਾਂ ‘ਤੇ ਪਾਣੀ ਦਾ ਵੱਧ ਤੋਂ ਵੱਧ ਭੰਡਾਰਨ ਯਕੀਨੀ ਬਣਾਉਣ ਦੇ ਨਾਲ-ਨਾਲ ਟਰੈਕਟਰ ਵਾਲੇ ਸਪਰੇਅ ਪੰਪ ਤਿਆਰ ਰੱਖਣ, ਤਾਂ ਜੋ ਹੰਗਾਮੀ ਹਾਲਾਤ ਨਾਲ ਨਜਿੱਠਿਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਢੋਲ, ਪੀਪੇ, ਟਰੈਕਟਰ ਡੈਕ ਆਦਿ ਉਚੀਆਂ ਅਵਾਜਾਂ ਕੱਢ ਕੇ ਟਿੱਡੀ ਦਲ ਨੂੰ ਭਜਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਟਿੱਡੀਆਂ 150 ਕਿਲੇਮੀਟਰ ਸਫਰ ਤੈਅ ਕਰਦੀਆਂ ਹਨ, ਪਰ ਫਿਲਹਾਲ ਟਿੱਡੀ ਦਲ ਦਾ ਕੋਈ ਖਤਰਾ ਨਹੀਂ ਹੈ।  

ਮੌਕ ਡਰਿੱਲ ਦੌਰਾਨ ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ, ਉਥੇ ਫਾਇਰ ਬ੍ਰਿਗੇਡ, ਆਵਾਜ਼ੀ ਯੰਤਰਾਂ ਅਤੇ ਸਪਰੇਅ ਪੰਪਾਂ ਆਦਿ ਦੇ ਪੂਰੇ ਸਾਜੋ-ਸਮਾਨ ਸਮੇਤ ਟਿੱਡੀ ਦਲ ਦੇ ਮੁਕਾਬਲੇ ਦਾ ਬਾਖੂਬੀ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *