ਸਿਵਲ ਸਰਜਨ ਵੱਲੋਂ ਡੇਂਗੂ ਦਿਵਸ ਮੌਕੇ ਡੇਂਗੂ ਬੁਖ਼ਾਰ ਤੋਂ ਬਚਣ ਲਈ ਦਿੱਤੇ ਗਏ ਸੁਝਾਅ
*ਜੇਕਰ ਕਿਸੇ ਵਿਅਕਤੀ ’ਚ ਡੇਂਗੂ ਬੁਖ਼ਾਰ ਦੇ ਲੱਛਣ ਪਾਏ ਜਾਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਜਾਵੇ ਸੰਪਰਕ
ਬਠਿੰਡਾ / 15 ਮਈ / ਏਨ ਏਸ ਬੀ ਨਿਉਜ
ਸਿਵਲ ਸਰਜਨ ਡਾਕਟਰ ਅਮਰੀਕ ਸਿੰਘ ਸੰਧੂ ਵੱਲੋਂ ਡੇਂਗੂ ਦਿਵਸ ਤੇ ਜ਼ਿਲਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਰਾਸਟਰੀ ਡੇਂਗੂ ਦਿਵਸ ਮਨਾ ਰਹੇ ਹਾਂ। ਇਸ ਵਾਰ ਡੇਂਗੂ ਦਿਵਸ ਸਰਕਾਰ ਵੱਲੋਂ ਪ੍ਰਾਪਤ ਥੀਮ ਡੇਂਗੂ ਨੂੰ ਕਾਬੂ ਕਰਨ ਵਿੱਚ ਆਮ ਲੋਕਾਂ ਦਾ ਯੋਗਦਾਨ ਹੇਠ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਾਨੂੰ ਡੇਂਗੂ ਬੁਖਾਰ ਤੋਂ ਬਚਾਅ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਡੇਂਗੂ ਬੁਖ਼ਾਰ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ। ਉਨਾਂ ਦੱਸਿਆ ਕਿ ਇਹ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਸਾਨੂੰ ਦਿਨ ਵੇਲੇ ਕੱਟਦਾ ਹੈ। ਇਸ ਤੋਂ ਬਚਾਅ ਲਈ ਦਿਨ ਵੇਲੇ ਪੂਰੀਆਂ ਬਾਹਾਂ ਵਾਲੇ ਕੱਪੜੇ, ਪੈਰਾਂ ਵਿਚ ਜੁਰਾਬਾਂ ਵੀ ਪਾ ਕੇ ਰੱਖੀਆਂ ਜਾਣ। ਰਾਤ ਨੂੰ ਸੌਣ ਸਮੇਂ ਜਾਲੀ ਵਾਲੇ ਕਮਰੇ ਜਾਂ ਮੱਛਰਦਾਨੀ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੱਛਰ ਭਜਾਓ ਤੇਲ ਜਾਂ ਕਰੀਮ ਦੀ ਵਰਤੋਂ ਵੀ ਕਰ ਸਕਦੇ ਹਾਂ।
ਉਨਾਂ ਕਿਹਾ ਕਿ ਆਪ ਅਤੇ ਆਪਣੇ ਪਰਿਵਾਰ ਨੂੰ ਡੇਂਗੂ ਬੁਖ਼ਾਰ ਤੋਂ ਬਚਾਉਣ ਲਈ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ, ਮੱਛਰ ਪੈਦਾ ਹੋਣ ਦੇ ਸਰੋਤ ਖਤਮ ਕਰਨੇ ਚਾਹੀਦੇ ਹਨ ਜਿਵੇਂ ਕਿ ਹਰ ਹਫ਼ਤੇ ਸ਼ੁਕਰਵਾਰ ਨੂੰ ਡਰਾਈ ਡੇ ਮਨਾਈਏ। ਇਸ ਦਿਨ ਅਸੀਂ ਆਪਣੇ-ਆਪਣੇ ਘਰਾਂ ਵਿਚ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਅਤੇ ਛੱਤਾਂ ਤੇ ਰੱਖੀਆਂ ਟੈਂਕੀਆਂ ਆਦਿ ਦੀ ਸਫ਼ਾਈ ਕਰੀਏ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਸਾਡਾ ਸਾਰਿਆਂ ਦਾ ਧਿਆਨ ਕੋਰੋਨਾ ਵਾਇਰਸ ਦੀ ਲਾਗ ਤੋਂ ਆਪਣੇ-ਆਪ ਨੂੰ ਬਚਾਉਣ ਲਈ ਹੈ।
ਪ੍ਰੰਤੂ ਗਰਮੀ ਦੇ ਮੌਸਮ ਵਿਚ ਮੱਛਰ ਦੇ ਕੱਟਣ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਬੁਖ਼ਾਰ ਤੋਂ ਵੀ ਅਸੀਂ ਆਪਣੇ-ਆਪ ਨੂੰ ਬਚਾਉਣਾ ਹੈ। ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖਾਰ ਦੇ ਲੱਛਣ ਜਿਵੇ ਕਿ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਹੋਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ।
ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਕੁੰਦਨ ਕੁਮਾਰ ਪਾਲ, ਜ਼ਿਲਾ ਮਲੇਰੀਆ ਅਫ਼ਸਰ ਡਾ. ਸੁਮੀਤ ਜਿੰਦਲ, ਨੋਡਲ ਅਫ਼ਸਰ ਡਾ. ਪਾਮਿਲ ਬਾਂਸਲ, ਏ.ਐਮ.ਓ.ਰਛਪਾਲ ਕੁਮਾਰ, ਮਲੇਰੀਆ ਬ੍ਰਾਂਚ ਅਤੇ ਮਾਸ ਮੀਡੀਆ ਬ੍ਰਾਂਚ ਦੇ ਸਮੂਹ ਮੈਂਬਰ ਹਾਜ਼ਰ ਸਨ।