ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਰੋਨਾ ਮਹਾਂਮਾਰੀ ਤੋਂ ਬਚਾਅ ਸੰਭਵ *** ਆਈਸੋਲੇਸ਼ਨ ਦੋਰਾਨ ਉਪਲੱਬਧ ਕਰਵਾਈਆ ਜਾ ਰਹੀਆਂ ਹਨ ਬੇਹੱਤਰ ਸਹੂਲਤਾਂ
ਸ੍ਰੀ ਅਨੰਦਪੁਰ ਸਾਹਿਬ 28 ਸਤੰਬਰ (ਨਿਊ ਸੁਪਰ ਭਾਰਤ ਨਿਊਜ਼ )
ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੋਜੂਦਾ ਸਮੇਂ 18 ਕਰੋਨਾ ਪਾਜੀਟਿਵ ਮਰੀਜ਼ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹਨ ਜਦੋਂ ਕਿ ਦਰਜਨਾਂ ਮਰੀਜ ਇਸ ਸੈਂਟਰ ਤੋਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜਿਹਨਾਂ ਵਲੋਂ ਆਈਸੋਲੇਸ਼ਨ ਦੋਰਾਨ ਪ੍ਰਾਪਤ ਹੋਈਆਂ ਬੇਹਤਰੀਨ ਸੇਵਾਵਾਂ ਸਬੰਧੀ ਆਪਣੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਇਸ ਕੋਵਿਡ ਕੇਅਰ ਸੈਂਟਰ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਸੈਂਟਰ ਵਿੱਚ ਮਿਲ ਰਹੀਆਂ ਸੇਵਾਵਾਂ ਉਤੇ ਤਸੱਲੀ ਪ੍ਰਗਟ ਕੀਤੀ ਗਈ ਹੈ। ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਸ਼ਰਮਾਂ ਸੀ.ਸੀ.ਆਈ.ਸੀ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਉਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਜਦੋਂ ਕਿ ਸੈਂਟਰ ਦੇ ਇੰਚਾਰਜ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਮਾਇਕਲ ਇਥੇ ਕੀਤੇ ਪ੍ਰਬੰਧਾਂ ਨੂੰ ਲਗਾਤਾਰ ਚੈਕ ਕਰਦੇ ਹਨ।
ਇਸ ਕੋਵਿਡ ਕੇਅਰ ਸੈਂਟਰ ਵਿੱਚ ਡਾਕਟਰ ਮੈਡੀਕਲ ਸਟਾਫ ਫਾਰਮਾਸ਼ਿਸਟ, ਲੈਬ ਟੈਕਨੀਸੀਅਨ, ਸਫਾਈ ਕਰਮਚਾਰੀ, ਅਤੇ ਸੁਰੱਖਿਆ ਅਮਲਾ 24 ਘੰਟੇ ਡਿਊਟੀ ਤੇ ਤੈਨਾਤ ਹੈ। ਆਈਸੋਲੇਸ਼ਨ ਦੋਰਾਨ ਬਹੁਤ ਹੀ ਸੁਰੱਖਿਅਤ ਢੰਗ ਨਾਲ ਮਰੀਜ਼ਾਂ ਲਈ ਤਿਆਰ ਕੀਤਾ ਪੋਸ਼ਟਿਕ ਖਾਣਾ, ਗਰਮ ਪਾਣੀ, ਵਿਟਾਮਿਨ, ਦਵਾਈਆਂ ਅਤੇ ਹੋਰ ਟੈਸਟਿੰਗ ਦੇ ਪ੍ਰਬੰਧ ਕੀਤੇ ਹੋਏ ਹਨ। ਜਿਸ ਨਾਲ ਇਹਨਾਂ ਕਰੋਨਾ ਪਾਜੀਟਿਵ ਹੋਏ ਵਿਅਕਤੀਆਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ।
ਡਿਊਟੀ ਉਤੇ ਤੈਨਾਤ ਸਟਾਫ ਵਲੋਂ ਉਹਨਾਂ ਲਈ ਯੋਗਾ ਅਤੇ ਕਸਰਤ ਕਰਵਾਉਣ ਦੇ ਵੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਹਨਾਂ ਨੁੰ ਢੁਕਵਾਂ ਮਾਹੌਲ ਉਪਲੱਬਧ ਕਰਵਾਇਆ ਜਾ ਸਕੇ।
ਕੋਵਿਡ ਕੇਅਰ ਸੈਂਟਰ ਵਿੱਚ ਤੈਨਾਤ ਡਾਕਟਰ ਸ਼ਾਕਸ਼ੀ ਨੇ ਦੱਸਿਆ ਕਿ ਆਈਸੋਲੇਸ਼ਨ ਦੋਰਾਨ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦਾ ਪਾਲਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਰ ਵਾਰ ਹੱਥ ਧੋਣੇ ਅਤੇ ਸੈਨੇਟਾਈਜ਼ ਕਰਨਾ ਬੇਹੱਦ ਜਰੂਰੀ ਹੈ ਆਈਸੋਲੇਸ਼ਨ ਦੋਰਾਨ ਸੈਂਟਰ ਵਿੱਚ ਆਏ ਮਰੀਜ਼ਾ ਦਾ ਲਗਾਤਾਰ ਬਲੱਡ ਪਰੈਸਰ,ਪਲਸ, ਆਕਸੀਜਨ ਲੇਬਲ ਚੇੈਕ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਖਾਸੀ, ਜੁਕਾਮ ਜਾਂ ਬੁਖਾਰ ਹੋਣ ਦੀ ਸੂਰਤ ਵਿੱਚ ਆਪਣਾ ਕੋਵਿਡ ਟੈਸਟ ਜਰੂਰੀ ਕਰਵਾਇਆ ਜਾਵੇ ਅਤੇ ਜੇਕਰ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਮਰੀਜ਼ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਲਟੀ ਵਿਟਾਮਿਨ, ਗਰਮ ਪਾਣੀ, ਪੋਸ਼ਟਿਕ ਖਾਣਾ ਅਤੇ ਸਿਹਤ ਵਿਭਾਗ ਵਲੋਂ ਸੁਝਾਅ ਦਿੱਤੀਆਂ ਦਵਾਈਆਂ ਦੀ ਵਰਤੋ ਕੀਤੀ ਜਾਵੇ ਅਤੇ ਘਰ ਵਿੱਚ ਆਈਸੋਲੇਸ਼ਨ ਦੋਰਾਨ ਅੱਲਗ ਕਮਰਾ ਅਤੇ ਬਾਥਰੂਮ ਦੀ ਵਰਤੋਂ ਕੀਤੀ ਜਾਵੇ, ਘਰ ਵਿੱਚ ਆਈਸੋਲੇਸ਼ਨ ਦੋਰਾਨ ਡਿਸਪੋਜਲ ਬਰਤਨ ਵਰਤੇ ਜਾਣ ਜਿਹਨਾਂ ਨੂੰ ਬਾਯੂ ਮੈਡੀਕਲ ਵੇਸਟ ਵਿੱਚ ਪਾਇਆ ਜਾਵੇ।
ਉਹਨਾਂ ਕਿਹਾ ਕਿ 10 ਦਿਨ ਆਈਸੋਲੇਸ਼ਨ ਅਤੇ 7 ਦਿਨ ਹੋਮ ਆਈਸੋਲੇਸ਼ਨ ਵਿੱਚ ਕੁੱਲ 17 ਦਿਨ ਵਿੱਚ ਕਰੋਨਾ ਨੂੰ ਹਰਾ ਕੇ ਤੰਦਰੁਸਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਜਿਆਦਾ ਹਨ ਜੇਕਰ ਮਾਸਕ ਪਾ ਕੇ ਸਮਾਜਿਕ ਵਿੱਥ ਰੱਖ ਕੇ ਘਰ ਤੋਂ ਬਾਹਰ ਨਿਕਲਿਆ ਜਾਵੇ ਤਾਂ ਸੰਕਰਮਣ ਹੋਣ ਦੀਆਂ ਸੰਭਵਨਾਵਾਂ ਬਹੁਤ ਹੀ ਘੱਟ ਹਨ ਇਸ ਲਈ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇ।