ਸ੍ਰੀ ਅਨੰਦਪੁਰ ਸਾਹਿਬ / 09 ਅਗਸਤ / ਨਿਊ ਸੁਪਰ ਭਾਰਤ ਨਿਊਜ਼
ਜਿਲਾ ਪ੍ਰਸਾਸ਼ਨ ਰੂਪਨਗਰ ਵਲੋਂ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦੀ ਅਗਵਾਈ ਹੇਠ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਦੀਆਂ ਡਰੇਨਾਂ ਮਿੰਢਵਾਂ, ਦੋਲੋਵਾਲ, ਦਸਗਰਾਈ, ਚੰਡਾਲਾ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਇਸੇ ਤਰਾਂ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਦੀ ਜਮੀਨ ਨੂੰ ਹੜਾਂ ਤੋਂ ਰੋਕਣ ਲਈ ਸਟਡ, ਰੋਕਾਂ, ਦਾ ਕੰਮ ਬਨੀ, ਬਾਲੋਵਾਲ ਅਤੇ ਚੰਦਪੁਰ ਵਿੱਚ ਕੰਮ ਚੱਲ ਰਿਹਾ ਹੈ।
ਇਹ ਜਾਣਕਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਸ.ਚੰਦ ਸਿੰਘ ਨੇ ਅੱਜ ਇਥੇ ਦਿੱਤੀ ਉਹਨਾਂ ਦੱਸਿਆ ਕਿ ਬਲਾਕ ਵਿੱਚ ਕੋਵਿਡ ਦੋਰਾਨ ਮਗਨਰੇਗਾ ਕਾਮਿਆਂ ਨੂੰ ਰੋਜਗਾਰ ਦੇ ਮੋਕੇ ਉਪਲੱਬਧ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਹੜਾਂ ਤੋਂ ਬਚਾਅ ਲਈ ਮਗਨਰੇਗਾ ਸਕੀਮ ਅਧੀਨ 125.00 ਲੱਖ ਰੁਪਏ ਨਾਲ ਡਰੇਨਾ ਦੀ ਸਫਾਈ ਅਤੇ ਬੰਨਾਂ ਨੂੰ ਮਜਬੂਤ ਕਰਨ ਦਾ ਕੰਮ ਜਾਰੀ ਹੈ ਤਾਂ ਜੋ ਹੜਾਂ ਦੋਰਾਨ ਲੋਕਾਂ ਦੀਆਂ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਹੋਰ ਦੱਸਿਆ ਕਿ ਕੋਵਿਡ ਦੋਰਾਨ ਪਿੰਡਾ ਵਿੱਚ ਲਗਾਤਾਰ ਵਿਕਾਸ ਦੇ ਕੰਮ ਚੱਲ ਰਹੇ ਹਨ ਜਿਹਨਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਕਰਵਾਇਆ ਜਾ ਰਿਹਾ ਹੈ। ਉਹਨਾਂ ਹੋਰ ਦੱਸਿਆ ਕਿ ਬਲਾਕ ਵਿੱਚ ਪੰਚਾਂ-ਸਰਪੰਚਾਂ ਨੂੰ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਮਿਸ਼ਨ ਫਤਿਹ ਦੇ ਬੈਚ ਅਤੇ ਪੰਪਲੇਟ ਵੰਡੇ ਗਏ ਹਨ ਅਤੇ ਪੰਚਾਇਤਾਂ ਵਲੋਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਬਾਰੇ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਬੀ ਡੀ ਪੀ ਓ ਨੇ ਹੋਰ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਬੀਤੇ ਦਿਨੇ ਬਲਾਕ ਦੇ 10 ਪਿੰਡਾਂ ਵਿੱਚ ਮੁਕੰਮਲ ਹੋਏ ਲਗਭਗ ਇਕ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹੈ। ਹੋਰ ਵੀ ਕਈ ਪ੍ਰੋਜੈਕਟ ਚੱਲ ਰਹੇ ਹਨ ਜਿਹਨਾਂ ਦੇ ਮੁਕੰਮਲ ਹੋਣ ਤੇ ਉਹਨਾਂ ਨੂੰ ਵੀ ਲੋਕ ਅਰਪਣ ਕੀਤਾ ਜਾਵੇਗਾ।
ਤਸਵੀਰ:-ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਗਨਰੇਗਾ ਕਾਮੇ ਬੰਨ ਮਜਬੂਤ ਕਰਨ ਦਾ ਕੰਮ ਕਰਦੇ ਹੋਏ।