*ਡਿਪਟੀ ਕਮਿਸ਼ਨਰ ਨੇ ਕੰਟੇਨਮੈਂਟ ਜੋਨ ਵਿੱਚ ਰਹਿ ਰਹੇ ਲੋਕਾਂ ਤੋਂ ਮੰਗਿਆ ਸਹਿਯੋਗ **ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਸਰਕਾਰ ਦੇ ਨਿਰਦੇਸ਼ਾ ਦੀ ਪਾਲਣਾ ਕਰਨ ਦੀ ਕੀਤੀ ਅਪੀਲ **ਅੰਤਰਰਾਸ਼ਟਰੀ ਯਾਤਰੀਆਂ ਲਈ ਜਾਰੀ ਨਵੀਆਂ ਹਦਾਇਤਾਂ ਨਾਲ ਮਿਲੇਗੀ ਰਾਹਤ
ਸ੍ਰੀ ਅਨੰਦਪੁਰ ਸਾਹਿਬ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ.ਏ.ਐਸ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਸਮਾਜਿਕ ਵਿੱਥ ਰੱਖਣ ਅਤੇ ਮਾਸਕ ਦੀ ਹਰ ਸਮੇਂ ਵਰਤੋਂ ਕਰਨ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕਦਾ ਹੈ ਅਤੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਬੀਤੀ ਸ਼ਾਮ ਆਪਣੇ ਫੇਸਬੁਕ ਲਾਈਵ ਪ੍ਰੋਗਰਾਮ ਤਹਿਤ ਜਿਲ੍ਹਾ ਵਾਸੀਆਂ ਨਾਲ ਕਰੋਨਾ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਬਾਰੇ ਵਿਚਾਰ ਸਾਂਝੇ ਕਰ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ ਲਈ ਹਰ ਸਮੇਂ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਮਹਾਂਮਾਰੀ ਦੇ ਚੱਲਦੇ ਲੋਕਾਂ ਨੂੰ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਹੋਈਆਂ ਹਨ ਪ੍ਰੰਤੂ ਅਸੀਂ ਇਸ ਦੇ ਬਾਵਜੂਦ ਸੰਯਮ ਰੱਖ ਕੇ ਹੀ ਕਰੋਨਾ ਨੂੰ ਹਰਾਉਣਾ ਹੈ। ਉਹਨਾਂ ਕਿਹਾ ਕਿ ਕੰਟੇਨਮੈਂਟ ਜੋਨ ਬਾਰੇ ਜੋ ਸਰਕਾਰ ਦੇ ਦਿਸ਼ਾ ਨਿਰਦੇਸ਼ ਹਨ।ਉਹਨਾਂ ਦੀ ਪਾਲਣਾ ਕਰਨੀ ਬੇਹੱਦ ਜਰੂਰੀ ਹੈ, ਕੰਟੇਨਮੈਂਟ ਜੋਨ ਵਿੱਚ ਰਹਿ ਰਹੇ ਲੋਕਾਂ ਨੁੂੰ ਆਪਣਾ 100 ਫੀਸਦੀ ਕਰੋਨਾ ਟੈਸਟ ਕਰਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਹੈ। ਇਸ ਨਾਲ ਆਪਣੇ ਪਰਿਵਾਰ ਨਜਦੀਕੀ ਸਹਿਯੋਗੀ ਅਤੇ ਰਿਸ਼ਤੇਦਾਰ ਵੀ ਸੁਰੱਖਿਅਤ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਅੋਕਸੀਮੀਟਰ ਦਾ ਵਿਸੇਸ਼ ਮਹੱਤਵ ਦੱਸਦੇ ਹੋਏ ਕਿਹਾ ਕਿ ਇਹ ਇਕ ਬਹੁਤ ਹੀ ਉਪਯੋਗੀ ਯੰਤਰ ਹੈ ਕੇਵਲ ਕਰੋਨਾ ਮਹਾਂਮਾਰੀ ਦੋਰਾਨ ਹੀ ਇਹ ਵਰਤੋਂ ਵਿੱਚ ਨਹੀਂ ਆਉਦਾ ਸਗੋਂ ਹਰ ਸਮੇਂ ਇਹ ਵਰਤਿਆਂ ਜਾਣ ਵਾਲਾ ਬਹੁਤ ਹੀ ਢੁਕਵਾਂ ਅਤੇ ਘੱਟ ਕੀਮਤ ਵਾਲਾ ਯੰਤਰ ਹੈ ਜੋ ਸਾਡੀ ਆਕਸੀਜਨ ਲੇਬਲ ਨੂੰ ਮਾਪ ਕੇ ਸਮੇਂ ਤੋਂ ਪਹਿਲਾਂ ਸਰੀਰ ਵਿੱਚ ਹੋਣ ਵਾਲੀ ਕਿਸੇ ਵੀ ਘਾਟ ਬੀਮਾਰੀ ਬਾਰੇ ਸਾਨੂੰ ਅਗਾਊ ਸੰਕੇਤ ਦੇਣ ਵਿੱਚ ਬਹੁਤ ਹੀ ਸਹਾਈ ਹੈ। ਉਹਨਾਂ ਕਿਹਾ ਕਿ ਜਦੋਂ ਆਕਸੀਜਨ ਲੇਬਲ ਘੱਟ ਜਾਂਦਾ ਹੈ ਤਾਂ ਇਹ ਜਾਨਲੇਵਾ ਹੈ ਜਿਸ ਤੋਂ ਬਚਨ ਲਈ ਆਪਣਾ ਆਕਸੀਜਨ ਲੇਬਲ ਚੈਕ ਕਰਦੇ ਰਹਿਣਾ ਬਹੁਤ ਜਰੂਰੀ ਹੈ ਇਹ ਯੰਤਰ ਸਸਤਾ ਅਤੇ ਟਿਕਾਊ ਲਗਭਗ 500-600 ਰੁਪਏ ਵਿੱਚ ਬਜਾਰ ਵਿੱਚ ਉਪਲੱਬਧ ਹੈ। ਘਰ ਵਿੱਚ ਇਕਾਂਤਵਾਸ ਜਾਂ ਆਈਸੋਲੇਟ ਹੋਏ ਵਿਅਕਤੀ ਵਲੋਂ ਆਕਸੀਜਨ ਲੇਬਲ ਦੀ ਵਾਰ ਵਾਰ ਜਾਂਚ ਕਰਨੀ ਬੇਹੱਦ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਟੈਸਟ ਕਰਵਾਉਣ ਸਮੇਂ ਬਹੁਤ ਸਾਰੇ ਲੋਕਾ ਆਪਣਾ ਨਾਮ, ਪਤਾ ਜਾਂ ਟੈਲੀਫੋਨ ਨੰਬਰ ਗਲਤ ਦੱਸ ਦਿੰਦੇ ਹਨ ਜਿਸ ਨਾਲ ਜਦੋਂ ਉਹਨਾਂ ਦੀ ਕਰੋਨਾ ਰਿਪੋਰਟ ਆਉਦੀ ਹੈ ਤਾਂ ਉਹਨਾਂ ਨੂੰ ਤਲਾਸ ਕਰਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਆਪਣੀ ਸੂਚਨਾ ਅਤੇ ਵੇਰਵੇ ਸਹੀ ਦਿੱਤੇ ਜਾਣ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਟੈਸਟਿੰਗ ਲਈ ਪ੍ਰਾਈਵੇਟ ਲੈਬ ਦੇ ਟੈਸਟਿੰਗ ਰੇਟ ਵੀ ਨਿਰਧਾਰਤ ਕਰ ਦਿੱਤੇ ਹਨ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟਿੰਗ ਬਿਲਕੁੱਲ ਮੁਫਤ ਹੈ ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਬਹੁਤ ਸਾਰੀਆਂ ਰਿਆਇਤਾ ਦਿੱਤੀਆਂ ਗਈਆ ਹਨ। ਉਹ ਹੁਣ ਘਰਾਂ ਵਿੱਚ ਹੀ ਆਈਸੋਲੇਟ ਹੋ ਸਕਦੇ ਹਨ। ਇਸਦੇ ਲਈ ਉਹਨਾਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਰਕਾਰ ਦੇ ਵਲੋਂ ਜਾਰੀ ਗਾਈਡ ਲਾਈਨਜ਼ ਦੀ ਪਾਲਣਾ ਕਰਨੀ ਪਵੇਗੀ ਅਤੇ ਟੈਸਟਿੰਗ ਬਾਰੇ ਨਵੀਆਂ ਹਦਾਇਤਾਂ ਅਨੁਸਾਰ ਆਪਣੀ ਰਿਪੋਰਟ ਲੈਣੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਜਿਲੇ ਵਿੱਚ ਕਰੋਨਾ ਦੇ ਕੁੱਲ ਕੇਸਾਂ, ਰਿਕਵਰ ਕੇਸਾਂ,ਐਕਟਿਵ ਕੇਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਆਈਸੋਲੇਟ ਹੋਏ ਮਰੀਜ਼ਾ, ਘਰਾਂ ਵਿੱਚ ਇਕਾਂਤਵਾਸ ਵਿਅਕਤੀਆਂ ਅਤੇ ਕੰਟੇਨਮੈਂਟ ਜੋਨ ਸਬੰਧੀ ਵਿਸਥਾਪੂਰਵਕ ਜਾਣਕਾਰੀ ਜਿਲ੍ਹੇ ਦੇ ਲੋਕਾਂ ਨਾਲ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਸਾਂਝੀ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕ ਕਰੋਨਾ ਮਹਾਂਮਾਰੀ ਬਾਰੇ ਜਿਲ੍ਹੇ ਵਿੱਚ ਮੋਜੂਦਾ ਹਾਲਾਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਜਾਰੀ ਨਵੀਆਂ ਗਾਈਡਲਾਈਨਜ਼ ਤੇ ਕਰੋਨਾ ਨੂੰ ਹਰਾਉਣ ਲਈ ਜਿਲ੍ਹਾ ਪ੍ਰਸਾਸ਼ਨ ਵਲੋਂ ਕੀਤੇ ਜਾ ਰਹੇ ਉਪਰਾਲਿਆ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।