*ਕਰੋਨਾ ਨੂੰ ਹਰਾਉਣ ਲਈ ਪਿੰਡਾਂ ਦੇ ਲੋਕ ਦੇ ਰਹੇ ਹਨ ਪੂਰਾ ਸਹਿਯੋਗ **ਸਰਪੰਚ/ਪੰਚ ਲੋਕਾਂ ਨੂੰ ਅਫਵਾਹਾ ਤੇ ਭਰੋਸਾ ਨਾ ਕਰਨ ਦੀ ਕਰ ਰਹੇ ਹਨ ਅਪੀਲ
ਸ੍ਰੀ ਅਨੰਦਪੁਰ ਸਾਹਿਬ / 23 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸ.ਚੰਦ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆਂ ਕਿ ਬਲਾਕ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾ ਵਲੋਂ ਸਿਹਤ ਕਰਮਚਾਰੀਆਂ ਨੂੰ ਪਿੰਡਾਂ ਵਿਚ ਆਉਣ ਸਮੇਂ ਪੂਰਾ ਸਹਿਯੋਗ ਦੇਣ ਦੇ ਮਤੇ ਸਰਬਸੰਮਤੀ ਨਾਲ ਪਾਸ ਹੋ ਰਹੇ ਹਨ। ਸਰਪੰਚ/ਪੰਚ ਆਮ ਲੋਕਾਂ ਨੂੰ ਕਰੋਨਾ ਦੀ ਟੈਸਟਿੰਗ ਅਤੇ ਇਲਾਜ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾ ਉਤੇ ਭਰੋਸਾ ਨਾ ਕਰਨ ਦੀ ਅਪੀਲ ਕਰ ਰਹੇ ਹਨ, ਜਿਸ ਨਾਲ ਇਸ ਇਲਾਕੇ ਦੇ ਪਿੰਡਾਂ ਵਿਚ ਕਰੋਨਾ ਮਹਾਂਮਾਰੀ ਤੋ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਲੈ ਕੇ ਕਾਫੀ ਜਾਗਰੂਕਤਾ ਆਈ ਹੈ।
ਬੀ.ਡੀ.ਪੀ.ਓ ਨੇ ਦੱਸਿਆ ਕਿ ਕਰੋਨਾ ਦੀ ਟੈਸਟਿੰਗ ਦੀ ਰਫਤਾਰ ਵਿਚ ਤੇਜੀ ਲਿਆਉਣ ਲਈ ਪਿੰਡਾਂ ਵਿਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਿਵਲ ਹਸਪਤਾਲਾ ਵਿਚ ਇਹ ਟੈਸਟਿੰਗ ਅਤੇ ਇਲਾਜ ਬਿਲਕੁਲ ਮੁਫਤ ਹੋ ਰਹੇ ਹਨ। ਆਮ ਲੋਕ ਹਲਕੇ ਲੱਛਣ ਪਾਏ ਜਾਣ ਤੇ ਵੀ ਆਪਣੀ ਟੈਸਟਿੰਗ ਜਰੂਰ ਕਰਵਾਉਣ ਅਤੇ ਜੇਕਰ ਬਿਮਾਰੀ ਸਾਹਮਣੇ ਆਵੇ ਤਾਂ ਘਰ ਵਿਚ ਹੀ ਆਈਸੋਲੇਟ ਜਾਂ ਇਕਾਂਤਵਾਸ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਪੰਚਾ/ਸਰਪੰਚਾਂ ਵਲੋਂ ਵਾਰ ਵਾਰ ਕੀਤੀ ਜਾ ਰਹੀ ਅਪੀਲ ਦਾ ਲੋਕਾਂ ਉਤੇ ਪ੍ਰਭਾਵ ਪਿਆ ਹੈ ਅਤੇ ਆਮ ਲੋਕ ਟੈਸਟਿੰਗ ਲਈ ਅੱਗੇ ਆਏ ਹਨ।
ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਨਾਲ ਨਾਲ ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਵਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਪੀਕਰ ਰਾਣਾ ਕੇ.ਪੀ ਸਿੰਘ ਦੀ ਪ੍ਰੇਰਨਾ ਸਦਕਾ ਬਹੁਤ ਸਾਰੇ ਸਮਾਜਸੇਵੀ ਅਤੇ ਧਾਰਮਿਕ ਸੰਗਠਨ ਮੁਫਤ ਮਾਸਕ ਵੰਡ ਰਹੇ ਹਨ। ਘਰ ਤੋ ਬਾਹਰ ਨਿਕਲਣ ਸਮੇਂ ਸਮਾਜਿਕ ਵਿੱਥ ਰੱਖਣ ਅਤੇ ਘਰੋ ਬਾਹਰ ਆਉਣ ਜਾਉਣ ਸਮੇਂ ਵਾਰ ਵਾਰ ਹੱਥ ਧੋਣ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਕਰੋਨਾ ਬਾਰੇ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਦੇ ਫੇਸਬੁੱਕ ਲਾਈਵ ਸੈਸ਼ਨ ਦੇ ਲਿੰਕ ਪੰਚਾਇਤ ਸਕੱਤਰਾਂ ਰਾਹੀ ਪਿੰਡਾਂ ਵਿਚ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਪੰਚਾ/ਸਰਪੰਚਾ ਅਤੇ ਆਮ ਲੋਕਾਂ ਤੱਕ ਭੇਜੇ ਜਾ ਰਹੇ ਹਨ, ਤਾਂ ਜੋ ਲੋਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀ ਆਮ ਲੋਕਾਂ ਨੁੂੰ ਮਿਲ ਰਹੀ ਜਿਲ੍ਹੇ ਦੀ ਸਮੁੱਚੀ ਜਾਣਕਾਰੀ ਬਾਰੇ ਜਾਗਰੂਕ ਹੋ ਸਕਣ। ਉਨ੍ਹਾਂ ਕਿਹਾ ਕਿ ਕਰੋਨਾ ਨੂੰ ਹਰਾਉਣ ਲਈ ਸਾਵਧਾਨੀਆ ਅਪਨਾਉਣੀਆਂ ਬਹੁਤ ਜਰੂਰੀ ਹਨ ਤੇ ਅਸੀ ਇਸ ਦੇ ਲਈ ਪੂਰੀ ਤਰਾਂ ਯਤਨਸ਼ੀਲ ਹਾਂ।