*ਸਿਹਤ ਸੇਵਾਵਾਂ, ਖਾਣਾ, ਸਾਫ ਸਫਾਈ ਅਤੇ ਹੋਰ ਪ੍ਰਬੰਧਾਂ ਬਾਰੇ ਲਈ ਜਾਣਕਾਰੀ **ਡਿਪਟੀ ਕਮਿਸ਼ਨਰ ਨੇ ਕੋਵਿਡ ਕੇਅਰ ਸੈਂਟਰ ਵਿਚ ਕੀਤੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਦਿੱਤੀ ਜਾਣਕਾਰੀ ***ਸਿਹਤ ਵਿਭਾਗ ਨੂੰ ਹੋਰ ਬਿਹਤਰ ਪ੍ਰਬੰਧ ਕਰਨ ਦੀ ਕੈਬਨਿਟ ਮੰਤਰੀ ਵਲੋਂ ਹਦਾਇਤ
ਸ੍ਰੀ ਅਨੰਦਪੁਰ ਸਾਹਿਬ / 10 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੈਬਨਿਟ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਕੋਵਿਡ ਕੇਅਰ ਸੈਂਟਰ ਦਾ ਜਾਇਜ਼ਾ ਲਿਆ ਅਤੇ ਉਥੇ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ ਪਾਜੀਟਿਵ ਮਰੀਜ਼ਾ ਦੇ ਕੀਤੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ।
ਅੱਜ ਸ੍ਰੀ ਵਿਜੇ ਇੰਦਰ ਸਿੰਗਲਾ ਕੈਬਨਿਟ ਮੰਤਰੀ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਿਤ ਕੋਵਿਡ ਕੇਅਰ ਸੈਂਟਰ ਪਹੁੰਚੇ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਐਸ.ਐਸ.ਪੀ ਅਖਿਲ ਚੋਧਰੀ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਵੀ ਸਨ। ਕੈਬਨਿਟ ਮੰਤਰੀ ਨੇ ਇਸ ਕੋਵਿਡ ਕੇਅਰ ਸੈਂਟਰ ਵਿਚ ਮੋਜੂਦ ਮਰੀਜ਼ਾ ਲਈ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ, ਉਨ੍ਹਾਂ ਨੂੰ ਮਿਲ ਰਹੇ ਖਾਣੇ, ਕੀਤੀ ਜਾ ਰਹੀ ਮੈਡੀਕਲ ਜਾਂਚ ਅਤੇ ਕੋਵਿਡ ਕੇਅਰ ਸੈਂਟਰ ਦੀ ਸਾਫ ਸਫਾਈ ਬਾਰੇ ਜਾਣਕਾਰੀ ਹਾਸਲ ਕੀਤੀ। ਕੈਬਨਿਟ ਮੰਤਰੀ ਨੇ ਉਥੇ ਮੋਜੂਦ ਡਾਕਟਰਾਂ, ਸਟਾਫ ਨਰਸਾਂ, ਸਫਾਈ ਕਰਮਚਾਰੀ ਅਤੇ ਹੋਰਨਾਂ ਤੋ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਪ੍ਰਬੰਧਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਕਰਨ ਦੀ ਹਦਾਇਤ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿਛਲੇ ਲਗਭਗ ਪੰਜ ਮਹੀਨੇ ਤੋਂ ਕਰੋਨਾ ਮਹਾਂਮਾਰੀ ਦੀ ਸਥਿਤੀ ਉਤੇ ਪੂਰੀ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦੀਆਂ ਹਦਾਇਤਾ ਤੇ ਹੀ ਅਸੀ ਪੰਜਾਬ ਸਰਕਾਰ ਵਲੋਂ ਕੋਵਿਡ ਪਾਜੀਟਿਵ ਮਰੀਜ਼ਾ ਨੂੰ ਮਿਲ ਰਹੀਆ ਸਿਹਤ ਸਹੂਲਤਾ ਦਾ ਜਾਇਜ਼ਾ ਲੈਣ ਲਈ ਇਥੇ ਆਏ ਹਾਂ।
ਸ੍ਰੀ ਸਿੰਗਲਾ ਨੇ ਕਿਹਾ ਕਿ ਸਰਕਾਰੀ ਹਸਪਤਾਲਾ ਜਾਂ ਕੋਵਿਡ ਕੇਅਰ ਸੈਂਟਰਾਂ ਵਿਚ ਮੋਜੂਦ ਪੂਰਾ ਸਟਾਫ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਸੇਵਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਸਰਕਾਰੀ ਹਸਪਤਾਲਾਂ, ਕੋਵਿਡ ਕੇਅਰ ਸੈਂਟਰ ਅਤੇ ਫਰੰਟ ਲਾਈਨਜ਼ ਕਰੋਨਾ ਵਾਰੀਅਰਜ ਨੂੰ ਮਿਲ ਕੇ ਇਹ ਤਸੱਲੀ ਹੋਈ ਹੈ ਕਿ ਸਰਕਾਰ ਦੀਆਂ ਹਦਾਇਤਾ ਅਨੁਸਾਰ ਪ੍ਰਸਾਸ਼ਨ, ਪੁਲਿਸ, ਸਿਹਤ ਕਰਮਚਾਰੀ, ਸਫਾਈ ਕਰਮਚਾਰੀ ਅਤੇ ਪੰਤਵੰਤੇ ਨਾਗਰਿਕ ਵੀ ਇਸ ਮਹਾਂਮਾਰੀ ਨੂੰ ਕਾਬੂ ਪਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਨੁੂੰ ਹਰਾਉਣਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਤੇ ਗੈਰਸਮਾਜੀ ਅਨਸਰ ਕੋਵਿਡ ਟੈਸਟਿੰਗ, ਸਰਕਾਰੀ ਹਸਪਤਾਲਾ ਅਤੇ ਕੋਵਿਡ ਕੇਅਰ ਸੈਂਟਰ ਦੀਆਂ ਸੇਵਾਵਾਂ ਬਾਰੇ ਸੋਸ਼ਲ ਮੀਡੀਆ ਉਤੇ ਝੂਠਾ ਪ੍ਰਚਾਰ ਫੈਲਾ ਰਹੇ ਹਨ। ਅਸੀ ਉਨ੍ਹਾਂ ਉਤੇ ਨਕੇਲ ਕੱਸਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਇਥੋ ਠੀਕ ਹੋ ਕੇ ਜਾ ਰਹੇ ਹਨ ਉਨ੍ਹਾਂ ਤੋ ਮਿਲੇ ਫੀਡਬੈਕ ਤੋ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਸੰਸਥਾਵਾਂ ਵਿਚ ਕੀਤੇ ਪ੍ਰਬੰਧ ਤਸੱਲੀਬਖਸ਼ ਹਨ। ਸ੍ਰੀ ਸਿੰਗਲਾ ਨੇ ਹੋਰ ਵਧੇਰੇ ਅਸਰਦਾਰ ਢੰਗ ਨਾਲ ਕੋਵਿਡ ਕੇਅਰ ਸੈਂਟਰਾ ਦੇ ਰੱਖ ਰਖਾਓ ਉਤੇ ਜੋਰ ਦਿੱਤਾ।ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਮੋਜੂਦਾ ਹਾਲਾਤ ਵਿਚ ਅਸੀ ਸਭ ਨੇ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਕਰੋਨਾ ਨੁੰ ਹਰਾਉਣਾ ਹੈ ਇਸ ਲਈ ਪ੍ਰਬੰਧਾ ਨੂੰ ਹੋਰ ਬਿਹਤਰ ਬਣਾਇਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਕੋਵਿਡ ਕੇਅਰ ਸੈਂਟਰ ਵਿਚ ਆਉਣ ਵਾਲਾ ਖਾਣਾ ਪੋਸ਼ਟਿਕ ਹੋਵੇ ਅਤੇ ਸਾਫ ਸਫਾਈ ਦਾ ਵਿਸੇਸ਼ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਅਸੀ ਨਿਰੰਤਰ ਕੋਵਿਡ ਕੇਅਰ ਸੈਂਟਰਾਂ ਅਤੇ ਸਰਕਾਰੀ ਹਸਪਤਾਲਾ ਵਿਚ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਾਂ, ਕਿਸੇ ਵੀ ਮਰੀਜ਼ ਨੂੰ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾ ਰਹੀ। ਇਸ ਮੋਕੇ ਐਸ.ਐਸ.ਪੀ ਰੂਪਨਗਰ ਅਖਿਲ ਚੋਧਰੀ, ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਸ੍ਰੀ ਅਸ਼ਵਨੀ ਸ਼ਰਮਾ, ਸਿਵਲ ਸਰਜਨ ਡਾ.ਐਚ.ਐਨ.ਸ਼ਰਮਾ, ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ, ਕੋਵਿਡ ਕੇਅਰ ਸੈਂਟਰ ਵਿਚ ਤੈਨਾਤ ਡਾਕਟਰ, ਮੈਡੀਕਲ ਸਟਾਫ ਵੀ ਹਾਜਰ ਸਨ।