Site icon NewSuperBharat

ਐਸ.ਡੀ.ਐਮ ਵਲੋਂ ਉਪ ਮੰਡਲ ਦੇ ਲੋਕਾਂ ਨੂੰ ਕੋਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਹੋਣ ਦੀ ਅਪੀਲ

*ਕੋਰੋਨਾ ਦਾ ਟੈਸਟ ਨਾ ਕਰਵਾਉਣਾ ਬਿਮਾਰੀ ਨੂੰ ਬੜਾਵਾ ਦੇਣ ਬਰਾਬਰ: ਕਨੂ ਗਰਗ ***ਕੋਰੋਨਾ ਨੂੰ ਮਾਤ ਦੇਣ ਵਾਲਿਆਂ ਵੱਲੋਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਹੂਲਤਾਂ ਦੀ ਭਰਪੂਰ ਸ਼ਲਾਘਾ

ਸ੍ਰੀ ਅਨੰਦਪੁਰ ਸਾਹਿਬ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਐਸ.ਡੀ.ਐਮ ਕਨੂ ਗਰਗ ਨੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਵੱਲੋਂ ਕੋਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਕਿਉਂਕਿ ਕੋਰੋਨਾ ਵਾਇਰਸ ਦਾ ਟੈਸਟ ਨਾ ਕਰਵਾਉਣਾ ਇਸ ਬਿਮਾਰੀ ਨੂੰ ਬੜਾਵਾ ਦੇਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਰੋਨਾ ਬਿਮਾਰੀ ਦੇ ਖਾਤਮੇ ਲਈ ਯਤਨਸ਼ੀਲ ਹੈ ਅਤੇ ਲੋਕਾਂ ਨੂੰ ਇਸ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਹੁਣ ਤਾਂ ਕੋਰੋਨਾ ਦੇ ਲੱਛਣ ਨਾ ਆਉਣ ਜਾਂ ਘੱਟ ਆਉਣ ਵਾਲੇ ਕੋਰੋਨਾ ਪੋਜੇਟਿਵ ਮਰੀਜਾਂ ਨੂੰ ਆਪਣੇ ਘਰਾਂ ਵਿੱਚ ਹੀ ਆਈਸੋਲੇਟ ਕਰਨ ਦੀ ਸਹੂਲਤ ਵੀ ਦੇ ਦਿੱਤੀ ਹੈ ਇਸ ਲਈ ਉਪ ਮੰਡਲ ਦੇ ਨਾਗਰਿਕ ਆਪਣਾ ਟੈਸਟ ਕਰਵਾਉਣ ਲਈ ਅੱਗੇ ਆਉਣ।

ਐਸ.ਡੀ.ਐਮ ਨੇ ਕਿਹਾ ਕਿ ਕੋਰੋਨਾ ਮਰੀਜਾਂ ਨੂੰ ਆਈਸੋਲੇਟ ਕਰਨ ਲਈ ਉਪ ਮੰਡਲ ਵਿੱਚ  ਆਈਸੋਲੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਮਰੀਜਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਅਤੇ ਮਾਹਰ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਮਾਰੀ ਦਾ ਪਹਿਲੀ ਸਟੇਜ ‘ਤੇ ਇਲਾਜ ਆਸਾਨੀ ਨਾਲ ਹੋ ਜਾਂਦਾ ਹੈ ਪ੍ਰੰਤੂ ਬਿਮਾਰੀ ਦੇ ਵੱਧਣ ਨਾਲ ਇਸ ਦਾ ਇਲਾਜ ਮੁਸ਼ਕਲ ਹੁੰਦਾ ਹੈ। ਇਸ ਲਈ ਲੋਕ ਅੱਗੇ ਆ ਕੇ ਆਪਣਾ ਟੈਸਟ ਕਰਵਾਉਣ ਅਤੇ ਜੇਕਰ ਉਨ੍ਹਾਂ ਨੂੰ ਕੋਰੋਨਾ ਪੋਜੇਟਿਵ ਆਉਂਦਾ ਹੈ ਤਾਂ ਉਹ ਹਸਪਤਾਲ ਵਿੱਚ ਜਾਂ ਘਰ ਰਹਿ ਕੇ ਆਪਣਾ ਇਲਾਜ ਕਰਵਾ ਸਕਦੇ ਹਨ।

ਐਸ.ਡੀ.ਐਮ ਕਨੂ ਗਰਗ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਅਫਵਾਹਾਂ ਫੈਲਾਉਣ ਤੋਂ ઠਗੁਰੇਜ ਕਰਨ ਨਹੀਂ ਤਾਂ ਉਨ੍ਹਾਂ ਦੇ ਵਿਰੁੱਧ ਧਾਰਾ 188 ਅਤੇ ਅਪੈਡਮਿਕ ਐਕਟ ਅਧੀਨ ਸਜਾ ਹੋ ਸਕਦੀ ਹੈ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂਜਾਵੇਗਾ।

ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਸ੍ਰੀ ਅਨੰਦਪੁਰ ਸਾਹਿਬ, ਨੰਗਲ ਉਪ ਮੰਡਲਾਂ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਸੀ, ਜਿਸ ਕਾਰਨ ਉਹ ਸ੍ਰੀ ਅਨੰਦਪੁਰ ਸਾਹਿਬ  ਵਿਚ ਕੋਵਿਡ ਕੇਅਰ ਸੈਂਟਰ ਵਿਚ  10 ਦਿਨ ਰਹੇ ਅਤੇ ਹੁਣ ਕਰੋਨਾ ਹਰਾ ਕੇ ਆਪਣੇ ਘਰ ਤੰਦਰੁਸਤ ਹੋ ਕੇ ਪਰਤ ਰਹੇ ਹਨ। ਆਪਣੇ ਤਜਰਬੇ ਸਾਂਝੇ ਕਰਦੇ ਹੋਏ ਘਰ ਪਰਤ ਰਹੇ ਵਿਅਕਤੀਆਂ ਨੇ ਦੱਸਿਆ ਕਿ ਡਾਕਟਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਸਮੇਂ ਸਿਰ ਖਾਣਾ ਪਾਣੀ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਸਨ ਜਿਸ ਕਾਰਨ ਉਹ ਕੁਝ ਦਿਨਾਂ ਵਿੱਚ ਇਸ ਬਿਮਾਰੀ ਨੂੰ ਮਾਤ ਦੇ ਸਕੇ ਹਨ।  ਉਹਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਮਰੀਜਾਂ ਦੇ ਇਲਾਜ ਲਈ ਕੀਤੇ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।

ਐਸ.ਡੀ.ਐਮ ਕਨੂ ਗਰਗ ਨੇ ਉਪ ਮੰਡਲਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਟੈਸਟ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿੱਚ ਨਾ ਆਉਣ ਸਗੋਂ ਮੋਹਰੀ ਹੋ ਕੇ ਆਪਣਾ ਟੈਸਟ ਕਰਵਾਉਣ ਕਿਉਂਕਿ ਸਿਹਤ ਵਿਭਾਗ ਇਸ ਮਹਾਂਮਾਰੀ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Exit mobile version