ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਮੁਫਤ ਸਿਹਤ ਸਹੂਲਤਾਂ- ਡਾ. ਚਰਨਜੀਤ ਕੁਮਾਰ।
*ਕੋਵਿਡ ਦੋਰਾਨ ਸਵੱਛ ਜਨੇਪੇ ਲਈ ਕੀਤੇ ਢੁਕਵੇਂ ਪ੍ਰਬੰਧ।
ਅਨੰਦਪੁਰ ਸਾਹਿਬ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਸਿਹਤ ਵਿਭਾਗ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗਰਭਵਤੀ ਔਰਤਾਂ ਨੂੰ ਹਰ ਤਰਾਂ ਦੀ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਜੱਚਾ-ਬੱਚਾ ਨੂੰ ਸਵੱਸਥ ਤੇ ਤੰਦਰੁਸਤ ਰੱਖਣ ਲਈ ਸਿਹਤ ਵਿਭਾਗ ਲਗਾਤਾਰ ਗਰਭਵੱਤੀ ਔਰਤਾਂ ਦੀ ਸਿਹਤ ਜਾਂਚ ਕਰਕੇ ਉਹਨਾਂ ਦੇ ਸਵੱਸਥ ਜਨੇਪੇ ਦਾ ਪ੍ਰਬੰਧ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤਾਂ ਲਈ ਹਰ ਤਰਾਂ ਦੀ ਸਿਹਤ ਸਹੂਲਤਾਂ ਉਪਲਬਧ ਹਨ। ਹਰ ਗਰਭਵਤੀ ਔਰਤ ਦੀ ਰਜਿਸਟਰੇਸਨ ਤੋਂ ਲੈ ਕੇ ਜਣੇਪੇ ਤੱਕ ਹਰ ਤਰਾਂ ਦੀ ਸਹੂਲਤ ਮੁਫਤ ਦਿੱਤੀ ਜਾਂਦੀ ਹੈ। ਹਸਪਤਾਲ ਵਿੱਚ ਜਨਨੀ ਸ਼ਿਸੂ ਸੁਰਖਿਆ ਕਾਰਿਆਕਰਮ ਤਹਿਤ ਗਰਭਵਤੀ ਔਰਤਾਂ ਦਾ ਇਲਾਜ, ਟੈਸਟ ਆਦਿ ਮੁਫਤ ਕੀਤੇ ਜਾਂਦੇ ਹਨ। ਉਹਨਾਂ ਹੋਰ ਦੱਸਿਆ ਕਿ ਹਸਪਤਾਲ ਵਿੱਚ ਨਾਰਮਲ ਅਤੇ ਸਜੇਰੀਅਨ ਜਣੇਪੇ ਦੀ ਸਹੂਲਤ ਉਪਲਬਧ ਹੈ। ਜਣੇਪੇ ਤੋਂ ਬਾਅਦ ਨਾਰਮਲ ਡਿਲਵਰੀ ਦੀ ਸੂਰਤ ਵਿੱਚ ਤਿੰਨ ਦਿਨ ਅਤੇ ਸਜੇਰੀਅਨ ਡਿਲਵਰੀ ਦੀ ਸੂਰਤ ਵਿੱਚ ਸੱਤ ਦਿਨ ਹਸਪਤਾਲ ਵਿੱਚ ਰਹਿਣਾ ਅਤੇ ਮੁਫਤ ਭੋਜਨ ਦੀ ਸਹੂਲਤ ਦਿੱਤੀ ਜਾਂਦੀ ਹੈ। ਕਿਸੇ ਐਮਰਜੈਂਸੀ ਵਿੱਚ ਜੇਕਰ ਔਰਤ ਨੂੰ ਇਲਾਜ ਲਈ ਜਿਲਾ ਹਸਪਤਾਲ ਜਾਂ ਚੰਡੀਗੜ ਰੈਫਰ ਕਰਨ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਮੁਫਤ ਰੈਫਰ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਡਿਲਵਰੀ ਲਈ ਘਰ ਤੋਂ ਹਸਪਤਾਲ ਆਉਣ ਅਤੇ ਜਾਣ ਲਈ ਮੁਫਤ ਐਬੂਲੈਂਸ ਸਹੂਲਤ ਦਿੱਤੀ ਜਾਂਦੀ ਹੈ। ਹਸਪਤਾਲ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਦੀਆਂ ਔਰਤਾਂ ਅਤੇ ਐਸ.ਸੀ ਅਤੇ ਬੀ.ਸੀ ਨਾਲ ਸਬੰਧਿਤ ਔਰਤਾਂ ਨੂੰ ਜਨਨੀ ਸੁਰਖਿਆ ਯੋਜਨਾ ਤਹਿਤ ਸਹਿਰੀ ਏਰੀਏ ਦੀ ਔਰਤਾਂ ਨੂੰ ਡਿਲਵਰੀ ਤੋਂ ਬਾਅਦ ਛੇ ਸੋ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨ ਉਪਲਬਧ ਹਨ। ਇਨਾਂ ਸਾਧਨਾਂ ਵਿੱਚ ਚੀਰਾ ਰਹਿਤ ਨਸਬੰਦੀ, ਨਲਬੰਦੀ, ਕਾਪਰ ਟੀ, ਪੀ.ਪੀ.ਆਈ.ਯੂ.ਸੀ.ਡੀ, ਸੀ.ਸੀ, ਓਰਲ ਪਿਲ ਆਦਿ ਸਾਧਨਾਂ ਰਾਂਹੀ ਪਰਿਵਾਰ ਨੂੰ ਸੀਮਤ ਰੱਖਿਆ ਜਾ ਸਕਦਾ ਹੈ।
ਡਾ.ਚਰਨਜੀਤ ਕੁਮਾਰ ਨੇ ਅੱਗੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਮਿਲਣ ਵਾਲੀਆਂ ਸਿਹਤ ਸੁਵਿਧਾਵਾਂ ਲਈ ਸਿਵਲ ਹਸਪਤਾਲ ਦੀ ਏ.ਐਨ.ਐਮਜ ਅਤੇ ਵੱਖ ਵੱਖ ਏਰੀਏ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸੰਪਰਕ ਕਰਕੇ ਗਰਭਵੱਤੀ ਔਰਤਾਂ ਵਲੋਂ ਸਿਹਤ ਵਿਭਾਗ ਦੀਆਂ ਇਹਨਾਂ ਸਾਰੀਆਂ ਸਹੂਲਤਾਂ ਦਾ ਲਾਭ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੋਰਾਨ ਇਹਨਾਂ ਗਰਭਵੱਤੀ ਔਰਤਾਂ ਨੂੰ ਸੁਰੱਖਿਅਤ ਜਨੇਪੇ ਦੀ ਦਿੱਤੀ ਗਈ ਸਹੂਲਤ ਨਾਲ ਬਹੁਤ ਸਾਰੀਆਂ ਗਰਭਵੱਤੀ ਔਰਤਾਂ ਇਸਦਾ ਲਾਭ ਲੈ ਰਹੀਆਂ ਹਨ।