Site icon NewSuperBharat

ਕੋਰੋਨਾ ਖਿਲਾਫ਼ ਜੰਗ ਜਿੱਤਣ ਵਾਲੇ ਵਿਅਕਤੀਆਂ ਵਲੋਂ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ

ਹੁਸ਼ਿਆਰਪੁਰ / 15 ਮਈ / ਏਨ ਏਸ ਬੀ ਨਿਉਜ

ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦਸੂਹਾ ਤੋਂ ਡਿਸਚਾਰਜ ਕੀਤੇ ਗਏ 78 ਵਿਅਕਤੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਅਮਲੇ ਵਲੋਂ ਉਨ੍ਹਾਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਭਾਲ ਕੀਤੀ ਗਈ ਹੈ। ਇਨ੍ਹਾਂ ਵਿਅਕਤੀਆਂ ਵਿੱਚ 71 ਸ੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂ ਸਨ ਅਤੇ ਇਨ੍ਹਾਂ ਸ਼ਰਧਾਲੂਆਂ ਨੇ ਜਿਥੇ ਮੁਫ਼ਤ ਬੱਸਾਂ ਰਾਹੀਂ ਜ਼ਿਲ੍ਹੇ ਵਿੱਚ ਵਾਪਸ ਲਿਆਉਣ ’ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਉਥੇ ਹਸਪਤਾਲਾਂ ਵਿੱਚ ਵਧੀਆ ਖਾਣੇ ਅਤੇ ਰੋਜ਼ਾਨਾ ਕੀਤੀ ਜਾ ਰਹੀ ਸਾਫ਼-ਸਫ਼ਾਈ ’ਤੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਪ੍ਰਗਟਾਇਆ।

ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਉਕਤ ਠੀਕ ਹੋਏ ਵਿਅਕਤੀਆਂ ਨੂੰ ਰਵਾਨਾ ਕਰਨ ਦੌਰਾਨ ਐਸ.ਐਮ.ਓ. ਡਾ. ਜਸਵਿੰਦਰ ਸਿੰਘ ਨੇ ਡਿਸਚਾਰਜ ਸਰਟੀਫਿਕੇਟ ਵੀ ਸੌਂਪੇ। ਇਸ ਮੌਕੇ ਚੀਫ਼ ਫਾਰਮਾਸਿਸਟ ਡਾ. ਸ਼ਿਪਰਾ, ਸ੍ਰੀ ਜਤਿੰਦਰ ਸਿੰਘ, ਮੈਡਮ ਨੀਲਮ, ਰੂਬੀ ਅਤੇ ਅਕਸ਼ੇ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਸਿਵਲ ਹਸਪਤਾਲ ਦਸੂਹਾ ਤੋਂ ਐਸ.ਐਮ.ਓ. ਡਾ. ਦਵਿੰਦਰ ਪੁਰੀ ਦੀ ਅਗਵਾਈ ਵਿੱਚ ਤੰਦਰੁਸਤ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ।

ਉਧਰ ਹੁਣ ਤੱਕ ਦੀ ਕੋਰੋਨਾ ਸਬੰਧੀ ਰਿਪੋਰਟ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ 23 ਨਵੇਂ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਵਲੋਂ 1465 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 1227 ਨੈਗੇਟਿਵ ਅਤੇ 124 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ 21 ਸੈਂਪਲ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 93 ਕੇਸ ਪੋਜ਼ੀਟਿਵ ਸਾਹਮਣੇ ਆਏ ਹਨ। 

Exit mobile version