ਸਿਹਤ ਵਿਭਾਗ ਦੀਆਂ ਟੀਮਾਂ ਵਲੋ ਹੈਪੇਟਾਈਟਸ ਸਬੰਧੀ ਲਗਾਤਾਰ ਜਾਰੀ ਜਾਗਰੂਕਤਾ ਮੁਹਿੰਮ
ਸ੍ਰੀ ਅਨੰਦਪੁਰ ਸਾਹਿਬ 05 ਅਪ੍ਰੈਲ (ਨਿਊ ਸੁਪਰ ਭਾਰਤ ਨਿਊਜ਼)
ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਓਫੀ- ਐਸ ਐਮ ਓ ਡਾ. ਜੰਗਜੀਤ ਸਿੰਘ ਦੀ ਅਗਵਾਈ ਹੇਠ ਅੱਜ ਲਗਾਤਾਰ ਤੀਜੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੇ ਹੈਪੇਟਾਈਟਸ ਏ ਪ੍ਰਭਾਵਿਤ ਮੁਹੱਲਿਆਂ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਬਣਾ ਕੇ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਹੈ। ਜਿੱਥੇ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਘਰ-ਘਰ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਕਲੋਰੀਨੇਟ ਕੀਤਾ ਹੋਇਆ ਪਾਣੀ ਪੀਣ ਅਤੇ ਸਵਸਥ ਰਹਿਣ।
ਹੈਲਥ ਇੰਸਪੈਕਟਰ ਸ਼੍ਰੀ ਬਲਵੰਤ ਰਾਏ ਨੇ ਦੱਸਿਆ ਕਿ ਹਰ ਰੋਜ 18 ਤੋਂ 20 ਸਿਹਤ ਕਰਮੀਆਂ ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਬਣਾ ਕੇ ਘਰ-ਘਰ ਲੋਕਾਂ ਨਾਲ਼ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਹੈਪੇਟਾਈਟਸ ਦੇ ਸ਼ੱਕੀ ਮਰੀਜਾਂ ਦੀ ਭਾਲ਼ ਕਰਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਜਾਂਚ ਲਈ ਮਾਹਿਰ ਡਾਕਟਰਾ ਕੋਲ ਭੇਜਿਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਰੂਪਨਗਰ ਤੋਂ ਡਾ. ਸੁਮਿਤ ਸ਼ਰਮਾ, ਜਿਲ੍ਹਾ ਐਪੀਡਿਮਿਓਲੋਜਿਸਟ ਵਲ੍ਹੋਂ ਵੀ ਨਿੱਜੀ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਜਿੱਥੇ ਸਿਹਤ ਵਿਭਾਗ ਵਲ੍ਹੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ, ਉੱਥੇ ਹੀ ਉਹਨਾਂ ਵਲ੍ਹੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਦੇ ਅਧਿਕਾਰੀਆਂ ਨਾਲ਼ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਨੂੰ ਬੰਦ ਕੀਤਾ ਜਾਵੇ ਸੀਵਰੇਜ਼ ਦੀਆਂ ਪਾਈਪਾਂ ਦੀ ਵੀ ਮੁਰੰਮਤ ਕੀਤੀ ਜਾਵੇ।
ਤਸਵੀਰ- ਸਿਹਤ ਵਿਭਾਗ ਦੇ ਕਰਮਚਾਰੀ ਸਰਵੇ ਕਰਦੇ ਹੋਏ।