*ਨੱਕ ਅਤੇ ਮੂੰਹ ਨੂੰ ਪੂਰੀ ਤਰਾਂ ਢੱਕ ਕੇ ਹੀ ਮਾਸਕ ਪਾਉਣ ਦਾ ਫਾਇਦਾ- ਐਸ ਐਮ ਓ
ਨੂਰਪੁਰ ਬੇਦੀ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਰੋਨਾ ਮਹਾਂਮਾਰੀ ਦੋਰਾਨ ਇਸ ਬੀਮਾਰੀ ਦੇ ਸੰਕਰਮਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹ ਬੇਹੱਦ ਜਰੂਰੀ ਹੈ ਕਿ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਵੇ ਕਿਉਂਕਿ ਜਾਣਕਾਰੀ ਦੀ ਅਣਹੋਂਦ ਕਾਰਨ ਕਈ ਵਾਰ ਆਮ ਲੋਕ ਇਹਨਾਂ ਸਾਵਧਾਨੀਆਂ ਨੂੰ ਅਪਣਾਉਣ ਦੇ ਬਾਵਜੂਦ ਕਰੋਨਾ ਵਾਇਰਸ ਦੇ ਖਤਰੇ ਤੋਂ ਦੂਰ ਨਹੀਂ ਹਨ ਕਿਉਂਕਿ ਉਹਨਾਂ ਵਲੋਂ ਸਾਵਧਾਨੀਆਂ ਦਾ ਪਾਲਣ ਦਰਸਾਏ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਨਹੀਂ ਕੀਤਾ ਜਾਂਦਾ ਹੈ।
ਇਹ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਨੂਰਪੁਰ ਬੇਦੀ ਡਾ. ਸ਼ਿਵ ਕੁਮਾਰ ਨੇ ਅੱਜ ਇਥੇ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭਾਵੇਂ ਹੁਣ ਆਮ ਲੋਕ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ ਪ੍ਰੰਤੂ ਕਰੋਨਾ ਵਾਇਰਸ ਤੋਂ ਬਚਾਅ ਲਈ ਸੰਕਰਮਣ ਨਾਲ ਮੁਕਾਬਲਾ ਕਰਨ ਦੇ ਢੁਕਵੇਂ ਢੰਗ ਤਰੀਕੇ ਨਹੀਂ ਅਪਣਾਏ ਜਾ ਰਹੇ । ਉਹਨਾਂ ਕਿਹਾ ਕਿ ਮਾਸਕ ਪਾਉਣ ਸਮੇਂ ਨੱਕ ਅਤੇ ਮੂੰਹ ਪੂਰੀ ਤਰਾਂ ਢੱਕਿਆਂ ਹੋਣਾ ਚਾਹੀਦਾ ਹੈ। ਸਮਾਜਿਕ ਵਿੱਥ ਰੱਖਣ ਸਮੇਂ ਆਪਸੀ ਦੂਰੀ 2 ਗਜ ਭਾਵ ਕਿ 6 ਫੁੱਟ ਹੋਣੀ ਚਾਹੀਦੀ ਹੈ। ਹੱਥਾਂ ਨੂੰ ਸੈਨੇਟਾਈਜ਼ ਕਰਨਾ ਜਾਂ ਵਾਰ ਵਾਰ ਸਾਬਣ ਨਾਲ ਹੱਥਾ ਘੱਟੋ ਘੱਟ 20 ਸੀਕਿੰਟ ਧੋਣ ਨਾਲ ਹੀ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਗੰਦਗੀ ਦੀ ਸਫਾਈ ਕਰਕੇ ਮੋਜੂਦਾ ਹਾਲਾਤ ਵਿੱਚ ਜੋ ਹੋਰ ਬੀਮਾਰੀਆਂ ਫੈਲਣ ਦਾ ਖਤਰਾ ਬਣ ਰਿਹਾ ਹੈ ਉਸ ਤੋਂ ਵੀ ਬਚਾਅ ਕੀਤਾ ਜਾਣਾ ਜਰੂਰੀ ਹੈ ਇਸ ਲਈ ਆਪਣਾ ਆਲਾ ਦੁਆਲਾ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ।
ਡਾ. ਸਿਵ ਕੁਮਾਰ ਨੇ ਕਿਹਾ ਕਿ ਮੋਜੂਦਾ ਸਮੇਂ ਸਿਹਤ ਵਿਭਾਗ ਦੇ ਕਰਮਚਾਰੀ ਪੂਰੀ ਮਿਹਨਤ ਤੇ ਲਗਨ ਨਾਲ ਦਿਨ ਰਾਤ ਆਮ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ। ਡਾ.ਸਿਵ ਕੁਮਾਰ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਵਲੋ ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਲਈ ਲਗਾਤਾਰ ਲੋਕਾਂ ਨੁੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਹਰ ਬੁੱਧਵਾਰ ਫੇਸਬੁੱਕ ਤੇ ਲਾਈਵ ਹੋ ਕੇ ਕੋਵਿਡ ਦੀਆਂ ਸਾਵਧਾਨੀਆਂ ਅਤੇ ਜਿਲ੍ਹੇ ਸਬੰਧੀ ਕਰੋਨਾ ਦੀ ਅਪਡੇਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇ ਕੇ ਕਰੋਨਾ ਨੁੂੰ ਹਰਾਉਣ।