***ਫਸਲ ਦਾ ਦਾਣਾ ਦਾਣਾ ਖਰੀਦਣ ਲਈ ਸਰਕਾਰ ਬਚਨਬੱਧ, ਕਿਸਾਨਾਂ ਨੂੰ ਨਹੀ ਆਵੇਗੀ ਕੋਈ ਮੁਸ਼ਕਿਲ
***ਅਨਾਜ ਮੰਡੀਆਂ ਵਿਚ ਮਾਸਕ ਪਾ ਕੇ ਕਰੋਨਾ ਦੀਆਂ ਸਾਵਧਾਨੀਆਂ ਦਾ ਪਾਲਣ ਯਕੀਨੀ ਬਣਾਉਣ ਦੀ ਅਪੀਲ
ਨੰਗਲ 10 ਅਕਤੂਬਰ (ਨਿਊ ਸੁਪਰ ਭਾਰਤ ਨਿਊਜ਼)
ਅਨਾਜ ਮੰਡੀਆਂ ਵਿਚ ਕਿਸਾਨਾ ਦੀ ਝੋਨੇ ਦੀ ਫਸਲ ਦੀ ਚੱਲ ਰਹੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਸਾਨਾ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਖਰੀਦ ਦੇ ਢੁਕਵੇਂ ਪ੍ਰਬੰਧ ਕੀਤੇ ਹਨ, ਕਿਸੇ ਵੀ ਕਿਸਾਨ ਨੂੰ ਅਨਾਜ ਮੰਡੀਆਂ ਵਿਚ ਰਾਤਾ ਨਹੀ ਗੁਜਾਰਨੀਆਂ ਪੈਣਗੀਆਂ, ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਸਰਕਾਰ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧਾਂ ਉਤੇ ਲਗਾਤਾਰ ਨਿਗਰਾਨੀ ਰੱਖ ਰਹੀ ਹੈ।
ਅੱਜ ਅਨਾਜ ਮੰਡੀਆਂ ਵਿਚ ਜਿਲ੍ਹਾ ਅਧਿਕਾਰੀਆਂ ਖੁਰਾਕ ਅਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ, ਜਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ, ਡੀ.ਐਮ ਮਾਰਕਫੈਡ ਨਿਵੇਦਿਤਾ ਅਤੇ ਹੋਰ ਅਧਿਕਾਰੀਆਂ ਨਾਲ ਝੋਨੇ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਿਸ ਤਰਾਂ ਪਹਿਲਾਂ ਝੋਨੇ ਅਤੇ ਕਣਕ ਦੀਆਂ ਫਸਲਾਂ ਦੀ ਸੁਚਾਰੂ ਢੰਗ ਨਾਲ ਖਰੀਦ ਕੀਤੀ ਹੈ, ਉਸੇ ਤਰਾਂ ਹੁਣ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਔਕੜ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।30 ਨਵੰਬਰ ਤੱਕ ਚੱਲਣ ਵਾਲੀ ਖਰੀਦ ਲਈ ਅਨਾਜ ਮੰਡੀਆਂ ਵਿਚ ਕਿਸਾਨਾ ਲਈ ਹਰ ਸਹੂਲਤ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੀ ਫਸਲ ਦੀ ਖਰੀਦ ਦੇ ਪ੍ਰਬੰਧਾ ਉਤੇ ਲਗਾਤਾਰ ਨਿਗਰਾਨੀ ਰੱਖਣ।ਕਿਸਾਨਾਂ ਨੂੰ ਇੱਕ ਵਿਸੇਸ਼ ਅਪੀਲ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਫਸਲਾ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਅਨਾਜ ਮੰਡੀਆਂ ਵਿਚ ਮੋਜੂਦ ਕਿਸਾਨਾਂ, ਆੜਤੀਆਂ, ਮਜਦੂਰਾਂ ਨੂੰ ਕਿਹਾ ਕਿ ਅਨਾਜ ਮੰਡੀਆਂ ਵਿਚ ਝੋਨੇ ਦੀ ਫਸਲ ਦੀ ਆਮਦ ਨਾਲ ਅਨਾਜ ਮੰਡੀਆਂ ਵਿਚ ਆਵਾਜਾਈ ਵੱਧ ਗਈ ਹੈ ਅਤੇ ਅਸੀ ਆਪਣੇ ਜਰੂਰੀ ਕੰਮ ਕਾਰ ਦੇ ਨਾਲ ਕਰੋਨਾ ਤੋ ਬਚਾਅ ਲਈ ਪੂਰੀ ਸਾਵਧਾਨੀ ਵਰਤਣੀ ਹੈ, ਇਸ ਲਈ ਮਾਸਕ ਜਰੂਰ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕਰੋਨਾ ਨੁੰ ਹਰਾਉਣ ਲਈ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣੀ ਅਤੇ ਵਾਰ ਵਾਰ ਹੱਥ ਧੋਣੇ ਬੇਹੱਦ ਜਰੂਰੀ ਹਨ।
ਇਸ ਮੋਕੇ ਸ੍ਰੀ ਸੰਜੇ ਸਾਹਨੀ, ਵਿਜੇ ਕੋਸ਼ਲ, ਪੀ.ਆਰ.ਟੀ.ਸੀ ਦੇ ਡਾਇਰਕੈਟਰ ਕਮਲਦੇਵ ਜੋਸ਼ੀ, ਪਿਆਰਾ ਸਿੰਘ ਜੈਸਵਾਲ, ਰਮੇਸ ਚੰਦਰ ਦਸਗਰਾਈ, ਹਰਬੰਸ ਲਾਲ ਮਹਿਦਲੀ, ਐਸ.ਡੀ.ਐਮ ਕਨੂੰ ਗਰਗ, ਡੀ.ਐਮ.ਪੀ ਰਮਿੰਦਰ ਸਿੰਘ ਕਾਹਲੋਂ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਆੜਤੀ, ਕਿਸਾਨ ਅਤੇ ਪੰਤਵੰਤੇ ਹਾਜ਼ਰ ਸਨ।