ਨੰਗਲ ਦੇ ਕੰਟੇਨਮੈਂਟ ਜੋਨ ਉਤੇ ਡਰੋਨ ਕੈਮਰੇ ਨਾਲ ਰੱਖੀ ਜਾਵੇਗੀ ਨਜ਼ਰ-ਡਿਪਟੀ ਕਮਿਸ਼ਨਰ ਸੋਨਾਲੀ ਗਿਰਿ।
***ਫਲਾਈ ਓਵਰ ਦਾ ਕੰਮ ਜੂਨ 2021 ਤੱਕ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼।
***ਕੁਸ਼ਟ ਆਸ਼ਰਮ ਨੂੰ ਨਵੀਂ ਇਮਾਰਤ ਵਿੱਚ ਕੀਤਾ ਜਾਵੇਗਾ ਸ਼ਿਫਟ
***ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀਆਂ ਡਿਪਟੀ ਕਮਿਸ਼ਨਰ ਵਲੋਂ ਜਾਰੀ ਹਦਾਇਤਾਂ
***ਲੋਕਾਂ ਨੂੰ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ।
ਨੰਗਲ / 7 ਸਤੰਬਰ / ਨਿਊ ਸੁਪਰ ਭਾਰਤ ਨਿਊਜ਼
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ ਏ ਐਸ ਨੇ ਅੱਜ ਨੰਗਲ ਸ਼ਹਿਰ ਦਾ ਦੋਰਾ ਕਰਕੇ ਉਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਅੱਜ ਸਵੇਰੇ ਨੰਗਲ ਪਹੁੰਚੇ ਤੇ ਉਹਨਾਂ ਨੇ ਅਧਿਕਾਰੀਆਂ ਨਾਲ ਵਿਸੇਸ਼ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਰੋਨਾ ਮਹਾਂਮਾਰੀ ਦੇ ਚੱਲਦੇ ਨੰਗਲ ਵਿੱਚ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਢੁਕਵਾਂ ਹੱਲ ਕਰਨ ਦੀਆ ਹਦਾਇਤਾਂ ਜਾਰੀ ਕੀਤੀਆਂ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਆਪਣਾ ਕਾਫਲਾ ਸ਼ਿਵਾਲਿਕ ਐਵਿਨਿਯੂ ਅਤੇ ਸੈਕਟਰ 2 ਵੱਲ ਮੋੜਿਆ ਜਿਥੇ ਉਹਨਾਂ ਨੇ ਕੰਟੇਨਮੈਂਟ ਜੋਨ ਬਣੇ ਖੇਤਰਾਂ ਦਾ ਜਾਇਜਾ ਲਿਆ. ਉਹਨਾਂ ਇਸ ਮੋਕੇ ਪ੍ਰਸਾਸ਼ਨ ਅਤੇ ਪੁਲਿਸ ਵਿਭਾਗ ਦੇ ਉਥੇ ਮੋਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਟੇਨਮੈਂਟ ਜੋਨ ਵਿੱਚ ਲੋਕਾਂ ਦੇ ਆਉਣ ਜਾਉਣ ਤੇ ਮੁੰਕਮਲ ਪਾਬੰਦੀ ਲਾਉਣ।
ਉਹਨਾਂ ਕਿਹਾ ਕਿ ਇਹਨਾਂ ਖੇਤਰਾਂ ਤੇ ਡਰੋਨ ਕੈਮਰਿਆਂ ਨਾਲ ਨਜਰ ਰੱਖੀ ਜਾਵੇ ਅਤੇ ਹਦਾਇਤਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇ ਅਤੇ ਲੋੜ ਪੈਣ ਤੇ ਉਹਨਾਂ ਵਿਰੁਧ ਮੁਕੱਦਮੇ ਦਰਜ ਕੀਤੇ ਜਾਣ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਕਰਨਾ ਪ੍ਰਸਾਸ਼ਨ ਦਾ ਫਰਜ ਹੈ ਅਤੇ ਇਸ ਵਿੱਚ ਲਾਹਪ੍ਰਵਾਹੀ ਵਰਤਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਕੇਵਲ ਬਹੁਤ ਜਰੂਰੀ ਡਿਊਟੀ ਜਿਵੇਂ ਕਿ ਸਿਹਤ ਅਤੇ ਪਾਵਰਕਾਮ ਆਦਿ ਲਈ ਜਾਣ ਵਾਲੇ ਵਿਅਕਤੀਆਂ ਨੂੰ ਹੀ ਕੰਟੇਨਮੈਂਟ ਜੋਨ ਵਿਚੋ ਬਾਹਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਸ ਉਪਰੰਤ ਨੰਗਲ ਵਿੱਚ ਨਿਰਮਾਣ ਅਧੀਨ ਫਲਾਈ ਓਵਰ ਦਾ ਜਾਇਜਾ ਲਿਆ ਉਹਨਾਂ ਨੇ ਮੋਜੂਦ ਅਧਿਕਾਰੀਆਂ ਨੂੰ ਫਲਾਈ ਓਵਰ ਦੇ ਕੰਮ ਵਿੱਚ ਆ ਰਹੇ ਅੜੀਕੇ ਤੁਰੰਤ ਦੂਰ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਇਸ ਫਲਾਈ ਓਵਰ ਦਾ ਕੰਮ ਜੂਨ 2021 ਤੱਕ ਮੁਕੰਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਤੋਂ ਜਲਦੀ ਪ੍ਰਵਾਨਗੀ ਲੈ ਲਈ ਜਾਵੇਗੀ। ਉਹਨਾਂ ਦੱਸਿਆ ਕਿ ਕੁਸ਼ਟ ਆਸ਼ਰਮ ਵੀ ਨਵੀਂ ਇਮਾਰਤ ਵਿੱਚ ਸਿਫਟ ਕੀਤਾ ਜਾਵੇਗਾ। ਉਸ ਸਮੇਂ ਤੱਕ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨੂੰ ਇਕ ਸਕੂਲ ਵਿੱਚ ਸਿਫਟ ਕੀਤਾ ਜਾ ਰਿਹਾ ਹੈ ਜਿਥੇ ਉਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾ ਉਪਲੱਬਧ ਕਰਵਾਈਆ ਜਾਣਗੀਆਂ।
ਸੋਨਾਲੀ ਗਿਰਿ ਨੇ ਨੰਗਲ ਵਿੱਚ ਅਵਾਰਾ ਤੇ ਬੇਸਹਾਰਾ ਜਾਨਵਰਾਂ ਦੀ ਭਰਮਾਰ ਬਾਰੇ ਕਿਹਾ ਕਿ ਇਸਦੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਸੁਖੇਮਾਜਰਾ ਅਤੇ ਹੋਰਨਾਂ ਗਊਸ਼ਾਲਾ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਬਾਹਰੋ ਇਥੇ ਬੇਸਹਾਰਾ ਪਸ਼ੂਆਂ ਨੂੰ ਛੱਡ ਕੇ ਜਾਣ ਵਾਲਿਆ ਉਤੇ ਚੋਕਸੀ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੰਗਲ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਮੁਰੰਮਤ ਇਕ ਹਫਤੇ ਵਿੱਚ ਕਰਵਾ ਕੇ ਇਹਨਾਂ ਨੂੰ ਮੋਟਰੇਬਲ ਕੀਤਾ ਜਾਵੇਗਾ ਜਿਹੜੇ ਮੁਰੰਮਤ ਦੇ ਵੱਡੇ ਪ੍ਰੋਜੈਕਟ ਹਨ ਉਹਨਾਂ ਲਈ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਝੱਜ ਚੋਕ ਤੱਕ ਸੜਕ ਦਾ ਕੰਮ ਵੀ ਜਲਦੀ ਸੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਨੰਗਲ ਦੇ ਆਲੇ ਦੁਆਲੇ ਦੀਆਂ ਹੋਰ ਕਈ ਸੜਕਾਂ ਦੀ ਮੁਰੰਮਤ ਦੀ ਜੋ ਮੰਗ ਹੋ ਰਹੀ ਹੈ। ਉਸ ਬਾਰੇ ਵੀ ਉੱਚ ਪੱਧਰ ਤੇ ਗਲੱਬਾਤ ਕੀਤੀ ਜਾ ਜਾਵੇਗੀ ਅਤੇ ਇਹ ਸੜਕਾਂ ਵੀ ਜਲਦੀ ਮੁਰੰਮਤ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਕਰੋਨਾ ਕਾਲ ਦੋਰਾਨ ਅਜਿਹੇ ਕਈ ਪ੍ਰੋਜੈਕਟ ਮੁਕੰਮਲ ਕਰਨ ਵਿੱਚ ਦੇਰੀ ਹੋਈ ਜਿਸ ਨੂੰ ਹੁਣ ਰਫਤਾਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਸਤਲੁਜ ਦਰਿਆ ਉਤੇ ਵੀ ਡਰੋਨ ਕੈਮਰੇ ਨਾਲ ਨਜ਼ਰ ਰੱਖੀ ਜਾ ਰਹੀ ਹੈ ।