*ਐਸ.ਡੀ.ਐਮ ਅਮਿਤ ਸਰੀਨ ਵੱਲੋਂ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ **ਕਰੋਨਾ ਖ਼ਿਲਾਫ਼ ਜੰਗ ਵਿਚ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ: ਅਮਿਤ ਸਰੀਨ ***ਸਾਈਕਲ ਰੈਲੀ ਦਾ ਮੁੱਖ ਮਕਸਦ ਕੋਟਕਪੂਰਾ ਸਬ ਡਵੀਜਨ ਵਾਸੀਆਂ ਨੂੰ ਕਰੋਨਾ ਖ਼ਿਲਾਫ਼ ਜਾਗਰੂਕ ਕਰਨਾ
ਕੋਟਕਪੂਰਾ (ਫਰੀਦਕੋਟ) / 2 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰੋਨਾ ਮਹਾਂਮਾਰੀ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਚਲਾਈ ਜਾ ਰਹੀ ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਅੱਜ ਕੋਟਕਪੂਰਾ ਦੇ ਸਾਈਕਲ ਰਾਈਡਰਜ਼ ਕਲੱਬ ਵੱਲੋਂ ਸ਼ਹਿਰ ਵਾਸੀਆਂ ਅਤੇ ਪੂਰੇ ਸਬ ਡਵੀਜਨ ਕੋਟਕਪੂਰਾ ਨੂੰ ਕਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ। ਇਸ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਐਸ.ਡੀ.ਐਮ ਕੋਟਕਪੂਰਾ ਸ੍ਰੀ ਅਮਿਤ ਸਰੀਨ ਨੇ ਸਬ ਡਵੀਜਨ ਲਈ ਰਵਾਨਾ ਕੀਤਾ।
ਇਸ ਮੌਕੇ ਐਸ.ਡੀ.ਐਮ ਅਮਿਤ ਸਰੀਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਮਿਸ਼ਨ ਫ਼ਤਿਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ ਇਸੇ ਲੜੀ ਤਹਿਤ ਅੱਜ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਈਕਲ ਰੈਲੀ ਕੱਢ ਕੇ ਕੋਟਕਪੂਰਾ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਗਈ ਹੈ। ਉਨਾਂ ਦੱਸਿਆ ਕਿ ਇਹ ਸਾਈਕਲ ਰੈਲੀ ਪੂਰਾ ਇਕ ਹਫ਼ਤਾ ਚੱਲੇਗੀ ਜੋ ਕਿ ਕੋਟਕਪੂਰਾ ਸਬ ਡਵੀਜਨ ਦਾ ਪੂਰਾ ਖੇਤਰ ਕਵਰ ਕਰਨ ਉਪਰੰਤ 9 ਜੁਲਾਈ ਨੂੰ ਖ਼ਤਮ ਹੋਵੇਗੀ ਅਤੇ ਇਹ ਨੌਜਵਾਨ ਲੋਕਾਂ ਨੂੰ 20 ਸੈਕਿੰਟ ਤੱਕ ਹੱਥ ਧੋਣ, ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਜਨਤਕ ਸਥਾਨਾਂ ‘ਤੇ ਥੁੱਕਣ ਤੋਂ ਪ੍ਰਹੇਜ਼ ਕਰਨ ਦਾ ਸੁਨੇਹਾ ਦੇਵੇਗੀ। ਉਨਾਂ ਕਿਹਾ ਕਿ ਕੋਰੋਨਾ ਦਾ ਖਤਰਾ ਹਾਲੇ ਵੀ ਮੌਜੂਦ ਹੈ ਅਤੇ ਇਸ ‘ਤੇ ਕਾਬੂ ਪਾਉਣ ਲਈ ਸਾਨੂੰ ਸਾਰਿਆ ਨੂੰ ਸਾਂਝੇ ਤੌਰ ‘ਤੇ ਕਰੋਨਾ ਖ਼ਿਲਾਫ਼ ਜੰਗ ਲੜਨੀ ਪਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਉਨਾਂ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਪੀ.ਬੀ.ਜੀ. ਤੋਂ ਰਾਜੀਵ ਮਲਿਕ, ਸਮਾਜਸੇਵੀ ਬਲਜਿੰਦਰ ਸਿੰਘ ਬੱਲੀ, ਗੁਰਦੀਪ ਸਿੰਘ ਕਲੇਰ, ਜਸਮਨਦੀਪ ਸਿੰਘ ਸੋਢੀ, ਰਵੀ ਅਰੋੜਾ, ਲਵਲੀ ਅਰੋੜਾ, ਧਰਮਹਿੰਦਰ ਸਿੰਘ ਡੋਡ, ਰਣਜੀਤ ਸਿੰਘ ਸਿੱਧੂ, ਗੁਰਸੇਵਕ ਪੁਰਬਾ, ਪਰਮਿੰਦਰ ਸਿੰਘ ਸਿੱਧੂ, ਐਡਵੋਕੇਟ ਅਨੀਸ਼ ਗੋਇਲ, ਹੈਲੀ ਸਦਿਉੜਾ, ਰਜਤ ਕਟਾਰੀਆ ਅਤੇ ਗੁਰਪ੍ਰੀਤ ਸਿੰਘ ਕਮੋਂ ਆਦਿ ਹਾਜ਼ਰ ਸਨ।