September 27, 2024

ਦਾਣਾ ਮੰਡੀ ਕੀਰਤਪੁਰ ਸਾਹਿਬ ਵਿਖੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ ਵੱਲੋਂ ਸ਼ੁਰੂ ਕਰਵਾਈ ਝੋਨੇ ਦੀ ਖਰੀਦ

0

ਦਾਣਾ ਮੰਡੀ ਕੀਰਤਪੁਰ ਸਾਹਿਬ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ ਤੇ ਨਾਲ ਹੋਰ

*ਮੰਡੀਆਂ ਵਿਚ ਕਿਸਾਨਾਂ ਦੇ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ: ਹਰਬੰਸ ਲਾਲ ਮਹਿੰਦਲੀ **ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਥਾਂ ਖੇਤਾਂ ਵਿੱਚ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ- ਚੇਅਰਮੈਨ **ਪਹਿਲੇ ਦਿਨ ਮਾਰਕਫੈੱਡ ਨੇ 1100 ਕੁਇੰਟਲ ਝੋਨਾ ਖ਼ਰੀਦਿਆ

ਕੀਰਤਪੁਰ ਸਾਹਿਬ / 29 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਾਣਾ ਮੰਡੀਆਂ ਚੋਂ ਕਿਸਾਨਾਂ ਦੇ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ। ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ। ਪੰਜਾਬ ਸਰਕਾਰ ਕਿਸਾਨਾਂ ਤੋਂ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਪੂਰੇ ਸਹਿਯੋਗ ਚਾਹੁੰਦੀ ਹੈ ਇਸਲਈ ਕਿਸਾਨ ਵੀਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸਕਤੀ ਵਧਾਉਣ ਕਿਉਂਕਿ ਫਸਲਾਂ ਦੇ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਉਪਜਾਊ ਸਕਤੀ ਵੀ ਘੱਟ ਜਾਂਦੀ ਹੈ।

ਇਸ ਗੱਲ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ ਵੱਲੋਂ ਦਾਣਾ ਮੰਡੀ  ਕੀਰਤਪੁਰ ਸਾਹਿਬ ਵਿਖੇ ਅੱਜ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਉਂਦੇ ਹੋਏ ਅਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ  ਗੱਲਬਾਤ ਕਰਦਿਆਂ ਕੀਤਾ।

ਹਰਬੰਸ ਲਾਲ ਮਹਿੰਦਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 27 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿਤੀ ਗਈ ਹੈ । ਕੀਰਤਪੁਰ ਸਾਹਿਬ ਵਿੱਚ ਵੀ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਸਾਫ ਸੁਧਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਇਲਾਵਾ ਬੈਠਣ ਦਾ ਪ੍ਰਬੰਧ, ਰੋਸ਼ਨੀ ਦਾ ਪ੍ਰਬੰਧ,ਮੀਂਹ ਦੌਰਾਨ ਫਸਲ ਨੂੰ ਸਾਂਭਣ ਲਈ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹਰਬੰਸ ਲਾਲ ਮਹਿੰਦਲੀ ਨੇ ਦੱਸਿਆ ਕਿ ਕੋਵਿਡ 19 ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਝੋਨੇ ਦੀ ਖਰੀਦ ਤੋਂ ਪਹਿਲਾਂ ਮੰਡੀ ਨੂੰ ਸੈਨੇਟਾਈਜ ਕੀਤਾ ਗਿਆ ਹੈ।  ਮੰਡੀਆਂ ਵਿਚ ਫਸਲ ਸੁੱਟਣ ਲਈ 30 ਗੁਣਾ 30 ਦੇ ਬਲਾਕ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਆੜਤੀਆਂ ਨੂੰ ਰੁਟੀਨ ਅਨੁਸਾਰ ਪਰਮਿਟ ਜਾਰੀ ਕੀਤੇ ਜਾਣਗੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਝੋਨੇ ਦਾ ਜੋ ਸਰਕਾਰੀ ਰੇਟ ਰੱਖਿਆ ਗਿਆ ਹੈ। ਉਹ ਇਸ ਤੋਂ ਘੱਟ ਕਿਸੇ ਨੂੰ ਵੀ ਆਪਣੀ ਫਸਲ ਨਾ ਵੇਚਣ ਅਤੇ ਮੰਡੀ ਵਿਚ ਸੁੱਕਾ ਝੋਨਾ ਲਿਆਂਦਾ ਜਾਵੇ।

ਇਸ ਮੌਕੇ ਮੰਡੀ ਵਿਚ ਤੈਨਾਤ ਮਾਰਕੀਟ ਕਮੇਟੀ ਦੇ ਅਕਾਉਂਟੈਂਟ ਵਰਿਆਮ  ਸਿੰਘ ਘੱਟੀਵਾਲ ਨੇ ਦੱਸਿਆ ਕਿ ਦਾਣਾ ਮੰਡੀ  ਕੀਰਤਪੁਰ ਸਾਹਿਬ ਵਿਖੇ ਮਾਰਕਫੈੱਡ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਅੱਜ ਆੜਤੀਆਂ ਨੂੰ ਪੰਜ ਕੂਪਨ ਜਾਰੀ ਕੀਤੇ ਗਏ ਅਤੇ ਮੰਡੀ ਵਿਚ ਅੱਜ 1100 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ।

ਇਸ ਤੋਂ ਇਲਾਵਾ ਮਾਰਕਫੈੱਡ ਦੇ ਇੰਸਪੈਕਟਰ ਧਰਮਿੰਦਰ ਚੌਧਰੀ, ਆੜਤੀ ਪ੍ਰਿਤਪਾਲ ਸਿੰਘ ਕੂਨਰ, ਯੋਗੇਸ਼ ਭੱਲਾ, ਰਾਧੇ ਸਿਆਮ ਅਗਰਵਾਲ, ਧਰਮਪਾਲ ਕੌੜਾ, ਅਮਰੀਸ਼ ਅਗਰਵਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *