ਕਰੋਨਾ ਦੀ ਟੈਸਟਿੰਗ ਲਈ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ- ਐਸ ਐਮ ਓ
*ਪਰਿਵਾਰ,ਨਜ਼ਦੀਕੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਟੈਸਟਿੰਗ ਬੇਹੱਤਰ ਜਰੂਰੀ- ਡਾ ਰਾਮ ਪ੍ਰਕਾਸ਼ ਸਰੋਆ **ਸਿਹਤ ਵਿਭਾਗ ਵਲੋਂ ਵਿਭੋਰ ਸਾਹਿਬ, ਸਹਿਜੋਵਾਲ, ਭਨਾਵ ਵਿੱਚ ਘਰ ਘਰ ਸਰਵੇ, ਮਾਂਗੇਵਾਲ, ਬਰੂਵਾਲ ਵਿੱਚ ਕਰੋਨਾ ਦੀ ਟੈਸਟਿੰਗ
ਕੀਰਤਪੁਰ ਸਾਹਿਬ / 12 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਾਕਟਰ ਰਾਮ ਪ੍ਰਕਾਸ਼ ਸਰੋਆ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੀ ਟੈਸਟਿੰਗ ਲਈ ਅੱਗੇ ਆ ਕੇ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦੇਣ, ਕਰੋਨਾ ਟੈਸਟਿੰਗ ਬਾਰੇ ਸੋਸ਼ਲ ਮੀਡੀਆਂ ਉੱਤੇ ਹੋ ਰਹੇ ਝੂਠੇ ਪ੍ਰਚਾਰ ਤੇ ਭਰੋਸਾ ਨਾ ਕੀਤਾ ਜਾਵੇ ਕਿਉਂਕਿ ਅਜਿਹਾ ਝੂਠਾ ਪ੍ਰਚਾਰ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਸਮਾਜ ਦੇ ਦੁਸ਼ਮਣ ਹਨ ਜਿਹਨਾਂ ਦੀ ਸੂਚਨਾ ਪ੍ਰਸਾਸ਼ਨ ਅਤੇ ਪੁਲਿਸ ਨੂੰ ਦੇ ਕੇ ਜਿੰਮੇਵਾਰ ਨਾਗਰਿਕ ਦਾ ਫਰਜ ਅਦਾ ਕੀਤਾ ਜਾਵੇ।
ਡਾ ਸਰੋਆ ਨੇ ਦੱਸਿਆ ਕਿ ਪਿੰਡ ਮਾਂਗੇਵਾਲ ਅਤੇ ਬਰੂਵਾਲ ਵਿੱਚ ਸਿਹਤ ਵਿਭਾਗ ਦੇ ਡਾਕਟਰ ਅਤੇ ਮੈਡੀਕਲ ਸਟਾਫ ਵਲੋਂ ਕਰੋਨਾ ਦੀ ਟੈਸਟਿੰਗ ਕੀਤੀ ਗਈ ਹੈ ਅਤੇ ਉਹਨਾਂ ਦੇ ਕਰਮਚਾਰੀ ਕੰਟੇਨਮੈਂਟ ਜੋਨ ਅਤੇ ਹਾਈ ਰੀਸਕ ਵਾਲੇ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਅਤੇ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਦੇ ਲਈ ਜਾਗਰੂਕ ਕਰ ਰਹੇ ਹੈ।
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਿਭੋਰ ਸਾਹਿਬ, ਸਹਿਜੋਵਾਲ, ਭਨਾਵ ਵਿੱਚ ਘਰ ਘਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਿਸੇ ਵਿਅਕਤੀ ਦੇ ਕੋਈ ਵੀ ਲੱਛਣ ਪਾਏ ਜਾਂਦੇ ਹਨ ਤਾਂ ਉਸਨੂੰ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬੀਮਾਰੀ ਦੇ ਸੁਰੂ ਹੋਣ ਤੇ ਹੀ ਇਸਦਾ ਇਲਾਜ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਟੈਸਟਿੰਗ ਦੋਰਾਨ ਜੇਕਰ ਕੋਈ ਵਿਅਕਤੀ ਕਰੋਨਾ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਸਨੂੰ ਆਪਣੇ ਘਰ ਵਿੱਚ ਹੀ ਕਮਫਰਟ ਜੋਨ ਵਿੱਚ ਰਹਿਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾ ਹਨ ਕਿ ਲੋਕਾਂ ਨੂੰ ਵੱਧ ਤੋਂ ਵੱਧ ਮਿਆਰੀ ਸਿਹਤ ਸਹੂਲਤ ਦਿੱਤੀ ਜਾਵੇ ਉਹਨਾਂ ਕਿਹਾ ਕਿ ਟੈਸਟਿੰਗ ਲਈ ਸਰਕਾਰੀ ਹਸਪਤਾਲਾਂ ਵਿੱਚ ਇਹ ਸਹੂਲਤ ਉਪਲੱਬਧ ਹੈ ਅਤੇ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਪ੍ਰਰੇਸ਼ਾਨੀ ਨਹੀਂ ਹੋ ਰਹੀ ਹੈ। ਇਸਲਈ ਆਪਣੇ ਅਤੇ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਟੈਸਟਿੰਗ ਕਰਵਾਈ ਜਾਵੇ।
ਡਾਕਟਰ ਸਰੋਆਂ ਨੇ ਕਿਹਾ ਕਿ ਸਾਡਾ ਮੈਡੀਕਲ ਸਟਾਫ ਅਤੇ ਸਿਹਤ ਕਰਮਚਾਰੀ ਲਗਾਤਾਰ ਲੋਕਾਂ ਨੂੰ ਇਹ ਜਾਣਕਾਰੀ ਦੇ ਰਹੇ ਹਨ ਕਿ ਸੁਰੱਖਿਅਤ ਰਹਿਣ ਲਈ ਟੈਸਟਿੰਗ ਲਾਜਮੀ ਹੈ ਇਸਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਦੇ ਹੋਏ ਸਿਹਤ ਵਿਭਾਗ ਨੂੰ ਲੋਕ ਆਪਣਾ ਪੂਰਾ ਸਹਿਯੋਗ ਦੇਣ।