ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੀ ਹਾਜ਼ਰੀ ਵਿੱਚ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਗਾਏ ਗਏ “ਆਟੋਮੈਟਿਕ ਡਿਸਇੰਨਫੈਕਸ਼ਨ ਚੈਂਬਰ” ਦਾ ਉਦਘਾਟਨ
ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੀ ਹਾਜ਼ਰੀ ਵਿੱਚ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਗਾਏ ਗਏ “ਆਟੋਮੈਟਿਕ ਡਿਸਇੰਨਫੈਕਸ਼ਨ ਚੈਂਬਰ” ਦਾ ਉਦਘਾਟਨ
ਚੈਂਬਰ ਸਰਕਾਰੀ ਹਸਪਤਾਲ ਤਰਨ ਤਾਰਨ `ਚ ਆਉਣ ਵਾਲੇ ਮਰੀਜ਼ਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਲਈ ਹੋਵੇਗਾ ਲਾਹੇਵੰਦ
ਤਰਨ ਤਾਰਨ/ 10 ਅਪ੍ਰੈਲ / ਏਨ ਏਸ ਬੀ ਨਿਊਜ਼ :
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਜ਼ਿਲ੍ਹੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੀਤੇ ਜਾ ਰਹੇ ਹਨ ਪ੍ਰਬੰਧਾਂ ਦੀ ਲੜੀ ਤਹਿਤ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਗਾਏ ਗਏ “ਆਟੋਮੈਟਿਕ ਡਿਸਇੰਨਫੈਕਸ਼ਨ ਚੈਂਬਰ” ਦਾ ਉਦਘਾਟਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਦੀ ਹਾਜ਼ਰੀ ਈ. ਐੱਨ. ਟੀ. ਮਾਹਿਰ ਡਾ. ਸਰਬਜੀਤ ਕੌਰ ਵੱਲੋਂ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ. ਡੀ. ਐੱਮ. ਸ੍ਰੀ ਰਜਨੀਸ਼ ਅਰੋੜਾ ਅਤੇ ਡੀ. ਐੱਮ. ਸੀ. ਡਾ. ਸਵਰਨਜੀਤ ਧਵਨ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਗਾਏ ਗਏ “ਆਟੋਮੈਟਿਕ ਡਿਸਇੰਨਫੈਕਸ਼ਨ ਚੈਂਬਰ” ਵਿੱਚੋਂ ਲੰਘਣ ਵਾਲਾ ਹਰ ਵਿਅਕਤੀ 20 ਸੈਕਿੰਡ ਤੱਕ ਖੜ੍ਹਾ ਰਹੇਗਾ ਤੇ ਸੈਂਸਰ ਦੇ ਜਰੀਏ ਇਹ ਮਸ਼ੀਨ ਸਬੰਧਤ ਵਿਅਕਤੀ ਨੂੰ ਸੋਡੀਅਮ ਹਾਈਪੋਕਲੋਰਾਈਟ ਦੇ ਸਪਰੇਅ ਨਾਲ 20 ਸੈਕਿੰਡ ਤੱਕ ਸੈਨੀਟਾਈਜ਼ ਕਰੇਗੀ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸੈਨੀਟਾਈਜੇਸ਼ਨ ਦਾ ਇਹ ਬਹੁਤ ਵਧੀਆ ਤਰੀਕਾ ਹੈ।
ਉਹਨਾਂ ਦੱਸਿਆ ਕਿ ਇਸ ਚੈਂਬਰ ਵਿੱਚ 20 ਲੀਟਰ ਸੋਡੀਅਮ ਹਾਈਪੋਕਲੋਰਾਈਟ ਦਾ ਘੋਲ ਪਾਇਆ ਜਾਂਦਾ ਹੈ ਅਤੇ ਦਿਨ ਵਿੱਚ ਲੱਗਭੱਗ 2000 ਵਿਅਕਤੀਆਂ ਨੂੰ ਸੈਨੀਟਾਈਜ਼ ਕਰਨ ਦੀ ਸਮਰੱਥਾ ਰੱਖਦਾ ਹੈ।ਉਹਨਾਂ ਕਿਹਾ ਕਿ ਇਹ ਚੈਂਬਰ ਸਰਕਾਰੀ ਹਸਪਤਾਲ ਤਰਨ ਤਾਰਨ `ਚ ਆਉਣ ਵਾਲੇ ਮਰੀਜ਼ਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਲਈ ਬਹੁਤ ਲਾਹੇਵੰਦ ਹੋਵੇਗਾ।ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਆਉਣ ਵਾਲਾ ਸਾਰਾ ਪੈਰਾਮੈਡੀਕਲ ਸਟਾਫ਼, ਡਾਕਟਰ ਤੇ ਮਰੀਜ਼ ਇਸ ਮਸ਼ੀਨ `ਚੋਂ ਲੰਘ ਕੇ ਅੰਦਰ ਦਾਖ਼ਲ ਹੋਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਚੈਂਬਰ ਸਿਵਲ ਹਸਪਤਾਲ ਤਰਨ ਤਾਰਨ ਤੋਂ ਇਲਾਵਾ ਜ਼ਿਲ੍ਹੇ ਦੀਆਂ ਪ੍ਰਮੁੱਖ 8 ਦਾਣਾ ਮੰਡੀਆਂ ਵਿਖੇ ਵੀ ਲਗਾਇਆ ਜਾਵੇਗਾ, ਜਿਸ ਵਿੱਚੋਂ ਲੰਘ ਕੇ ਹੀ ਹਰ ਕਿਸਾਨ ਜਾਂ ਕੋਈ ਹੋਰ ਵਿਅਕਤੀ ਮੰਡੀਆਂ `ਚ ਦਾਖ਼ਲ ਹੋਵੇਗਾ।ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ `ਚ ਆਪਣੀ ਫਸਲ ਲੈ ਕੇ ਆਉਣ ਸਮੇਂ ਬਣਾਈ ਗਈ ਇਸ ਮਸ਼ੀਨ ਵਿਚੋਂ ਜ਼ਰੂਰ ਲੰਘਣ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਕਿ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਸੰਕਟ ਦੀ ਇਸ ਘੜ੍ਹੀ ਦੌਰਾਨ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੇ ਜ਼ਿਲ੍ਹੇ ਦੇ ਲੋਕਾਂ ਨੂੰ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ, ਉੱਥੇ ਸਮੂਹ ਅਧਿਕਾਰੀਆਂ ਵੱਲੋਂ ਦਿਨ-ਰਾਤ ਲੋਕਾਂ ਦੀਆਂ ਮੁਸ਼ਕਿਲਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿੱਚ ਸਮੂਹ ਡਾਕਟਰ ਸਾਹਿਬਾਨ, ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਰਾਜ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ, ਉੱਥੇ ਸਮੇਂ-ਸਮੇਂ ‘ਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਉੁਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਰਫ਼ਿਊ ਦੌਰਾਨ ਆਪਣੇ ਘਰਾਂ ਵਿੱਚ ਰਹਿਣ।
sorce:-DIPR-PRSS/19/2020-DPRO Tarn Taran
I/17786/2020