ਬਠਿੰਡਾ ਜ਼ਿਲੇ ਵਿਚ 21 ਲੋਕ ਕਰੋਨਾ ਤੇ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਪਰਤੇ **ਡਿਪਟੀ ਕਮਿਸ਼ਨਰ, ਆਈ.ਜੀ. ਅਤੇ ਐਸ.ਐਸ.ਪੀ. ਨੇ ਸੁਭਕਾਮਨਾਵਾਂ ਦੇ ਕੇ ਕੀਤਾ ਰਵਾਨਾ
*ਘਰਾਂ ਨੂੰ ਪਰਤੇ ਜਿੰਦਗੀ ਦੇ ਜੇਤੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਸ਼ੁਕਰੀਆ **ਜ਼ਿਲੇ ਵਿਚ ਹੁਣ ਬਾਕੀ ਬਚੇ 22 ਐਕਟਿਵ ਕੇਸ
ਬਠਿੰਡਾ / 15 ਮਈ / ਏਨ ਏਸ ਬੀ ਨਿਉਜ
ਬਠਿੰਡੇ ਜ਼ਿਲੇ ਲਈ ਸੁੱਕਰਵਾਰ ਸੁਖਦ ਹੋ ਨਿਬੜਿਆ ਜਦ ਅੱਜ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ 21 ਲੋਕ ਕਰੋਨਾ ਤੇ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਪਰਤੇ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ, ਆਈਜੀ ਸ੍ਰੀ ਏਕੇ ਮਿੱਤਲ, ਐਸ.ਐਸ.ਪੀ. ਡਾ: ਨਾਨਕ ਸਿੰਘ ਅਤੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਇੰਨਾਂ ਮਰੀਜਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਘਰਾਂ ਨੂੰ ਭੇਜਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿਚ ਕੁੱਲ 43 ਲੋਕਾਂ ਵਿਚ ਕਰੋਨਾ ਦੀ ਪੁਸ਼ਟੀ ਹੋਈ ਸੀ ਜਿੰਨਾਂ ਵਿਚੋਂ 41 ਜ਼ਿਲਾ ਬਠਿੰਡਾ ਦੇ ਵਸਨੀਕ ਸਨ ਅਤੇ 2 ਕ੍ਰਮਵਾਰ ਮੋਗਾ ਅਤੇ ਲੁਧਿਆਣਾ ਨਾਲ ਸਬੰਧਤ ਸਨ। ਇੰਨਾਂ ਵਿਚ ਮੁੜ ਜਾਂਚ ਲਈ ਭੇਜੇ ਗਏ 21 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਇੰਨਾਂ ਨੂੰ ਅੱਜ ਘਰਾਂ ਵਿਚ ਭੇਜ ਦਿੱਤਾ ਗਿਆ ਜਿੱਥੇ ਇਹ 14 ਦਿਨ ਲਈ ਇਕਾਂਤਵਾਸ ਵਿਚ ਰਹਿਣਗੇ। ਉਨਾਂ ਨੇ ਘਰ ਪਰਤ ਰਹੇ ਕਰੋਨਾ ਜੇਤੂਆਂ ਨੂੰ ਸੁਭਕਾਮਨਾਵਾਂ ਦੇਣ ਦੇ ਨਾਲ ਨਾਲ ਇੰਨਾਂ ਦੀ ਦੇਖਭਾਲ ਕਰਨ ਵਾਲੇ ਡਾਕਟਰੀ ਅਮਲੇ ਦੀ ਭੂਮਿਕਾ ਦੀ ਵੀ ਸਲਾਘਾ ਕੀਤੀ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 22 ਰਹਿ ਗਈ ਹੈ।

ਇਸ ਮੌਕੇ ਆਈ.ਜੀ. ਸ੍ਰੀ ਮਿੱਤਲ ਨੇ ਤੰਦਰੁਸਤ ਹੋ ਕੇ ਪਰਤ ਰਹੇ ਇੰਨਾਂ ਲੋਕਾਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਦਿ੍ਰੜ ਮਨੋਬਲ ਨਾਲ ਹਰ ਮੁਸਕਿਲ ਤੇ ਜਿੱਤ ਦਰਜ ਕਰ ਲੈਂਦਾ ਹੈ। ਉਨਾਂ ਨੇ ਇਸ ਮੌਕੇ ਡਾਟਕਰੀ ਅਮਲੇ ਵੱਲੋਂ ਇੰਨਾਂ ਦਾ ਮਨੋਬਲ ਉਚਾ ਬਣਾਈ ਰੱਖਣ ਲਈ ਉਨਾਂ ਦੀ ਸਲਾਘਾ ਵੀ ਕੀਤੀ।
ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਇੰਨਾਂ ਦੇ ਤੰਦਰੁਸਤ ਜੀਵਨ ਦਾ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਬਾਕੀ ਲੋਕ ਵੀ ਜਲਦ ਸਿਹਤਯਾਬ ਹੋ ਕੇ ਘਰ ਪਰਤਣਗੇ।
ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਇੰਨਾਂ ਦੀ ਬਕਾਇਦਾ ਕਾਊਂਸਿਗ ਕਰਕੇ ਇੰਨਾਂ ਨੂੰ ਅਗਲੇ ਦੋ ਹਫ਼ਤੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਉਨਾਂ ਨੇ ਕਿਹਾ ਕਿ ਅੱਜ ਘਰ ਪਰਤ ਰਹੇ ਲੋਕਾਂ ਵਿਚ ਇਕ ਲੁਧਿਆਣਾ ਅਤੇ 1 ਮੋਗਾ ਜ਼ਿਲੇ ਨਾਲ ਸਬੰਧਤ ਹੈ ਜਦ ਕਿ ਬਾਕੀ ਸਾਰੇ ਬਠਿੰਡਾ ਜ਼ਿਲੇ ਦੇ ਵਸਨੀਕ ਹਨ। ਉਨਾਂ ਨੇ ਦੱਸਿਆ ਕਿ ਤੰਦਰੁਸਤ ਹੋ ਕੇ ਘਰ ਪਰਤੇ ਲੋਕਾਂ ਵਿਚ 9 ਪੁਰਸ਼ ਅਤੇ 12 ਔਰਤਾਂ ਹਨ ਅਤੇ ਇਹ ਤਖਤ ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਪਰਤੇ ਸਨ।

ਇਸ ਮੌਕੇ ਠੀਕ ਹੋ ਕੇ ਘਰ ਪਰਤ ਰਹੇ ਲੋਕਾਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਡਾਕਟਰੀ ਅਮਲੇ ਦਾ ਵਧੀਆ ਦੇਖਭਾਲ ਲਈ ਸ਼ੁਕਰਾਨਾ ਕੀਤਾ। ਇਸ ਮੌਕੇ ਡਾ: ਕੁੰਦਨ ਕੁਮਾਰ ਪਾਲ ਵੀ ਹਾਜਰ ਸਨ।