ਹੁਸ਼ਿਆਰਪੁਰ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਵਾਲੇ ਪਦਾਰਥਾਂ ਦੇ ਲਏ ਸੈਂਪਲ *** ਮਿਲਾਵਟਖੋਰੀ ਖਿਲਾਫ਼ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਹਿੰਮ ਰਹੇਗੀ ਜਾਰੀ : ਜ਼ਿਲ੍ਹਾ ਸਿਹਤ ਅਫ਼ਸਰ *** ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਲੋਕ ਹੋਣ ਵਧੇਰੇ ਜਾਗਰੂਕ : ਡਾ. ਲਖਵੀਰ ਸਿੰਘ
ਹੁਸ਼ਿਆਰਪੁਰ, 24 ਮਾਰਚ / NSB NEWS:
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਨਾਉਣ ਦ ਮਕਸਦ ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਅੱਜ ਆਪਣੀ ਟੀਮ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਵੱਖ-ਵੱਖ ਪਦਾਰਥਾਂ ਦੇ ਸੈਂਪਲ ਲਏ।
ਮਿਲਾਵਟਖੋਰੀ ਖਿਲਾਫ਼ ਮੁਹਿੰਮ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਲਖਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਿਹਤ ਸੰਕਟ ਨੂੰ ਧਿਆਨ ਰੱਖਦਿਆਂ ਸਾਰਿਆਂ ਨੂੰ ਖਾਣ-ਪੀਣ ਵਾਲੇ ਪਦਾਰਥਾਂ ਪ੍ਰਤੀ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਵਿੱਚ ਚਿੱਟੇ ਛੋਲੇ, ਸਰੋਂ ਦਾ ਤੇਲ, ਚਾਹਪੱਤੀ, ਕਾਲੇ ਛੋਲੇ, ਸੂਜੀ, ਦਾਲ ਉੜਦ ਸਾਬਤ, ਰਿਫਾਇੰਡ ਤੇਲ, ਦਲੀਆ, ਆਈਸਕ੍ਰੀਮ, ਪਨੀਰ ਅਤੇ ਖੋਏ ਆਦਿ ਦੇ ਸੈਂਪਲ ਲਏ ਗਏ ਜਿਨ੍ਹਾਂ ਨੂੰ ਸਟੇਟ ਫੂਡ ਟੈਸਟਿੰਗ ਲੈਬ ਖਰੜ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 12 ਸੈਂਪਲ ਲਏ ਗਏ ਜਿਨ੍ਹਾਂ ਦੀ ਰਿਪੋਰਟ ਅਗਲੇ ਤਿੰਨ ਹਫਤਿਆਂ ਵਿੱਚ ਪ੍ਰਾਪਤ ਹੋਵੇਗੀ।
ਜ਼ਿਲ੍ਹੇ ਵਿੱਚ ਚੱਲ ਰਹੀ ਸੈਂਪÇਲੰਗ ਸਬੰਧੀ ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲੈਣ ਦਾ ਮਕਸਦ ਲੋਕਾਂ ’ਚ ਜਾਗਰੂਕਤਾ ਪੈਦਾ ਕਰਨਾ ਹੈ ਨਾ ਕਿ ਕਿਸੇ ਤਰ੍ਹਾਂ ਦਾ ਸਹਿਮ ਤਾਂ ਜੋ ਲੋਕਾਂ ਲਈ ਸ਼ੁੱਧ ਅਤੇ ਮਿਆਰੀ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੀ ਤੰਦਰੁਸਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਖਾਣ-ਪੀਣ ਵਾਲੀਆਂ ਵਸਤਾਂ ਬਨਾਉਣ ਅਤੇ ਵੇਚਣ ਵਾਲਿਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਦੀ ਪੂਰੀ ਤਰ੍ਹਾਂ ਪਾਲਣਾ ਦੀ ਤਾਕੀਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਮਿਸ਼ਨ ਤੰਦਰੁਸਤ ਪੰਜਾਬ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਜਾ ਸਕਦਾ ਹੈ।
ਕੈਪਸ਼ਨ:—ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਆਪਣੀ ਟੀਮ ਨਾਲ ਸੈਂਪਲਿੰਗ ਕਰਦੇ ਹੋਏ।