ਗਿਣਤੀ ਵਾਲੀਆਂ ਥਾਵਾਂ ’ਤੇ ਸਖਤ ਸੁਰੱਖਿਆ ਪ੍ਰਬੰਧ : ਐਸ.ਐਸ.ਪੀ.
ਜੇ.ਆਰ. ਪੋਲੀਟੈਕਨਿਕ ਕਾਲਜ ਸਮੇਤ 10 ਥਾਵਾਂ ’ਤੇ ਹੋਵੇਗੀ ਗਿਣਤੀ
ਹੁਸ਼ਿਆਰਪੁਰ, 15 ਫਰਵਰੀ :
ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਸਮੇਤ ਕੁੱਲ 142 ਵਾਰਡਾਂ ਲਈ 17 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਅੱਜ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਇਹ ਪ੍ਰਕਿਰਿਆ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਦੀ ਤਾਕੀਦ ਕੀਤੀ।
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨਿਰਦੇਸ਼ ਦਿੱਤੇ ਕਿ ਹੁਸ਼ਿਆਰਪੁਰ ਸਮੇਤ ਬਾਕੀ 9 ਥਾਵਾਂ ’ਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਤਾਂ ਜੋ ਇਹ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ 50 ਵਾਰਡਾਂ ਲਈ ਸਥਾਨਕ ਜੇ.ਆਰ.ਪੋਲੀਟੈਕਨਿਕ ਕਾਲਜ ਵਿੱਚ ਸਟਰਾਂਗ ਰੂਮ ਬਣਾਏ ਗਏ ਹਨ ਅਤੇ ਗਿਣਤੀ ਵੀ ਪੋਲੀਟੈਕਨਿਕ ਕਾਲਜ ਵਿੱਚ ਹੀ ਹੋਵੇਗੀ ਜਿਥੇ ਇਨ੍ਹਾਂ ਵਾਰਡਾਂ ਦੇ 5 ਰਿਟਰਨਿੰਗ ਅਫ਼ਸਰ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਲਈ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ, ਟਾਂਡਾ ਦੇ 15 ਵਾਰਡਾਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਅਤੇ ਮੁਕੇਰੀਆਂ ਦੇ 15 ਵਾਰਡਾਂ ਲਈ ਐਸ.ਪੀ.ਐਨ.ਕਾਲਜ ਮੁਕੇਰੀਆਂ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਦੀਵਾਲ ਦੇ 11 ਵਾਰਡਾਂ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲ, ਗੜ੍ਹਸ਼ੰਕਰ ਦੇ 13 ਵਾਰਡਾਂ ਲਈ ਬੀ.ਏ.ਐਮ. ਖਾਲਸਾ ਕਾਲਜ ਗੜ੍ਹਸ਼ੰਕਰ, ਹਰਿਆਣਾ ਦੇ 11 ਵਾਰਡਾਂ ਲਈ ਜੀ.ਜੀ. ਡੀ.ਐਸ.ਡੀ. ਕਾਲਜ ਹਰਿਆਣਾ ਅਤੇ ਸ਼ਾਮਚੁਰਾਸੀ ਦੇ 9 ਵਾਰਡਾਂ ਲਈ ਗੁਰੂ ਨਾਨਕ ਕਾਲਜ ਫਾਰ ਵੂਮੈਨ ਵਿੱਚ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ। ਨਗਰ ਪੰਚਾਇਤ ਮਾਹਿਲਪੁਰ ਦੇ 2 ਵਾਰਡਾਂ ਲਈ ਸ. ਬਲਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਅਤੇ ਨਗਰ ਪੰਚਾਇਤ ਤਲਵਾੜਾ ਦੇ ਇਕ ਵਾਰਡ ਲਈ ਸ਼ਾਹ ਨਹਿਰ ਹੈਡ ਵਰਕਸ (ਡੀ) ਤਲਵਾੜਾ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ, ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ. ਗੜ੍ਹਸ਼ੰਕਰ ਹਰਬੰਸ ਸਿੰਘ, ਡੀ.ਐਸ.ਪੀ. (ਐਚ) ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਟਰਾਂਗ ਰੂਮਾਂ ਦੇ ਬਾਹਰ ਲੋੜੀਂਦੀ ਪੁਲਿਸ ਫੋਰਸ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਤਾਇਨਾਤ ਕੀਤੀ ਗਈ ਹੈ ਜਿਸ ਦੀ ਨਿਗਰਾਨੀ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਵਾਲੀਆਂ ਥਾਵਾਂ ’ਤੇ ਡਬਲ ਗਾਰਦ ਤਾਇਨਾਤ ਕੀਤੀ ਗਈ ਹੈ ਅਤੇ 17 ਫਰਵਰੀ ਗਿਣਤੀ ਵਾਲੇ ਦਿਨ ਲਈ ਸੁਰੱਖਿਆ ਦੇ ਪੂਰੇ ਬੰਦੋਬਸਤ ਯਕੀਨੀ ਬਣਾਏ ਜਾ ਰਹੇ ਹਨ।
ਇਸੇ ਦੌਰਾਨ ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਅਮਿਤ ਮਹਾਜਨ ਨੇ ਜ਼ਿਲ੍ਹਾ ਮਾਲ ਅਫ਼ਸਰ ਅਮਨ ਪਾਲ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਅਤੇ ਸੁਰੱਖਿਆ ਮੁਲਾਜ਼ਮਾਂ ਸਮੇਤ ਸਥਾਨਕ ਜੇ.ਆਰ.ਪੋਲੀਟੈਕਨਿਕ ਕਾਲਜ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।