ਹੁਸ਼ਿਆਰਪੁਰ, 4 ਫਰਵਰੀ / ਰਾਜਨ ਚੱਬਾ:
ਕੋਵਿਡ-19 ਦੀ ਰੋਕਥਾਮ ਲਈ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਵਿੱਚ ਦੂਜੇ ਪੜਾਅ ਦੀ ਸ਼ੁਰੂਆਤ ਸਥਾਨਕ ਪੁਲਿਸ ਲਾਈਨ ਹਸਪਤਾਲ ਤੋਂ ਹੋਈ ਜਿਥੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਕੁੱਲ 137 ਫਰੰਟ ਲਾਈਨ ਵਰਕਰਾਂ ਨੇ ਕੋਵਿਡ-19 ਦਾ ਟੀਕਾ ਲਗਵਾਇਆ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕੋਵਿਡ-19 ਦੀ ਰੋਕਥਾਮ ਲਈ ਕੋਵੀਸ਼ੀਲਡ ਟੀਕਾ ਲਗਵਾਉਣ ਉਪਰੰਤ ਦੱਸਿਆ ਕਿ ਪੁਲਿਸ ਲਾਈਨ ਹਸਪਤਾਲ ਵਿੱਚ ਟੀਕਾਕਰਨ ਦਾ ਵਿਸ਼ੇਸ਼ ਕੈਂਪ ਸ਼ੁਰੂ ਕੀਤਾ ਗਿਆ ਹੈ ਜੋ ਕਿ 5 ਦਿਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਜ਼ਿਲ੍ਹਾ ਪੁਲਿਸ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦਿੱਤੀ ਜਾਵੇਗੀ ਜਿਹੜੀ ਕਿ ਪਹਿਲੀ ਖੁਰਾਕ ਤੋਂ 28 ਦਿਨ ਬਾਅਦ ਮੁੜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸਭ ਤੋਂ ਪਹਿਲਾਂ ਕੋਵਿਡ ਵੈਕਸੀਨ ਲਗਵਾ ਕੇ ਕੋਰੋਨਾ ਮਹਾਮਾਰੀ ਦੇ ਸੰਕਟ ਸਮੇਂ ਫਰੰਟ ਲਾਈਨ ਵਰਕਰਾਂ ਵਜੋਂ ਕੰਮ ਕਰਨ ਵਾਲੀ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਟੀਕਾਕਰਨ ਮਾਹਿਰਾਂ ਵਲੋਂ ਸ਼ੁਰੂ ਕੀਤੇ ਦੂਜੇ ਪੜਾਅ ਵਿੱਚ ਉਨ੍ਹਾਂ ਤੋਂ ਇਲਾਵਾ ਐਸ.ਪੀ. (ਐਚ) ਰਮਿੰਦਰ ਸਿੰਘ, ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. (ਪੀ ਬੀ) ਮਨਦੀਪ ਸਿੰਘ, ਡੀ.ਐਸ.ਪੀਜ਼ ਗੁਰਪ੍ਰੀਤ ਸਿੰਘ ਗਿੱਲ, ਜਗਦੀਸ਼ ਰਾਜ ਅਤਰੀ, ਅਮਰ ਨਾਥ, ਪ੍ਰੇਮ ਸਿੰਘ ਆਦਿ ਨੇ ਟੀਕਾਕਰਨ ਕਰਵਾਇਆ।
ਕੋਵਿਡ ਵੈਕਸੀਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਅਫਵਾਹ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਵਿਡ ਦਾ ਟੀਕਾ ਇਸ ਬੀਮਾਰੀ ਦੀ ਅਸਰਦਾਰ ਢੰਗ ਨਾਲ ਰੋਕਥਾਮ ਲਈ ਅਤਿ-ਜ਼ਰੂਰੀ ਹੈ ਜਿਸ ਲਈ ਸਾਰਿਆਂ ਨੂੰ ਜਨਤਕ ਹਿੱਤਾਂ ਦੇ ਮੱਦੇਨਜ਼ਰ ਇਹ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਲਾਉਣ ਤੋਂ ਬਾਅਦ ਹਰ ਵਿਅਕਤੀ ਨੂੰ ਅੱਧੇ ਘੰਟੇ ਲਈ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਅਤੇ ਉਸ ਨੂੰ ਦੂਜੀ ਡੋਜ਼ 28 ਦਿਨ ਬਾਅਦ ਦੇਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਨੂੰ ਲੈ ਕੇ ਕਿਸੇ ਕਿਸਮ ਦਾ ਫਿਕਰ ਨਾ ਰੱਖਦਿਆਂ ਹਰ ਨਾਗਰਿਕ ਨੂੰ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਤੋਂ ਅਸੀਂ ਸਾਰੇ ਸੁਰੱਖਿਅਤ ਰਹਿ ਸਕੀਏ।
ਜ਼ਿਕਰਯੋਗ ਹੈ ਕਿ ਅੱਜ ਕੁੱਲ ਲੱਗੇ 137 ਟੀਕਿਆਂ ਵਿੱਚੋਂ 83 ਟੀਕੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਲਾਏ ਗਏ ਜਦਕਿ 54 ਟੀਕੇ ਹੋਰਨਾਂ ਫਰੰਟ ਲਾਈਨ ਵਰਕਰਾਂ ਦੇ ਲਗਾਏ ਗਏ।
ਟੀਕਾਕਰਨ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਕੈਪਸ਼ਨ — 01– ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਕੋਵਿਡ-19 ਵੈਕਸੀਨ ਲਗਵਾਉਂਦੇ ਹੋਏ।
02– ਐਸ.ਪੀ. (ਡੀ.) ਰਵਿੰਦਰ ਪਾਲ ਸਿੰਘ ਸੰਧੂ ਕੋਵਿਡ-19 ਵੈਕਸੀਨ ਲਗਵਾਉਂਦੇ ਹੋਏ।
03- ਐਸ.ਪੀ. (ਐਚ) ਰਮਿੰਦਰ ਸਿੰਘ ਕੋਵਿਡ-19 ਵੈਕਸੀਨ ਲਗਵਾਉਂਦੇ ਹੋਏ।
04-ਐਸ.ਪੀ. (ਪੀ.ਬੀ.ਆਈ.) ਮਨਦੀਪ ਸਿੰਘ ਕੋਵਿਡ-19 ਵੈਕਸੀਨ ਲਗਵਾਉਂਦੇ ਹੋਏ।
05– ਡੀ.ਐਸ.ਪੀ. (ਹੈਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ ਕੋਵਿਡ-19 ਵੈਕਸੀਨ ਲਗਵਾਉਂਦੇ ਹੋਏ।
06– ਡੀ.ਐਸ.ਪੀ. ਗੁਰਪ੍ਰੀਤ ਸਿੰਘ ਕੋਵਿਡ-19 ਵੈਕਸੀਨ ਲਗਵਾਉਂਦੇ ਹੋਏ।
07– ਕੋਵਿਡ-19 ਵੈਕਸੀਨ ਦੇ ਦੂਜੇ ਪੜਾਅ ਦੌਰਾਨ ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਦੀ ਸ਼ੁਰੂਆਤ ਐਸ.ਪੀ. ਰਮਿੰਦਰ ਸਿੰਘ, ਡੀ.ਐਸ.ਪੀ. ਗੁਰਪ੍ਰੀਤ ਸਿੰਘ, ਡਾ. ਲਖਵੀਰ ਸਿੰਘ, ਡਾ. ਸੀਮਾ ਗਰਗ ਅਤੇ ਹੋਰ ਅਧਿਕਾਰੀ ਪੁਲਿਸ ਲਾਈਨ ਹਸਪਤਾਲ ਵਿੱਚ।