ਹੁਸ਼ਿਆਰਪੁਰ, 29 ਦਸੰਬਰ / ਰਾਜਨ ਚੱਬਾ ਨਵੇਂ ਵਰ੍ਹੇ 2021 ਦੀ ਆਮਦ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ-ਪਬਲਿਕ ਸਬੰਧਾਂ ਵਿੱਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂ, ਵੱਖ-ਵੱਖ ਮਾਫ਼ੀਆ, ਜੁਰਮਾਂ, ਗੈਂਗਸਟਰਾਂ ਅਤੇ ਅੱਤਵਾਦੀ ਸਰਗਰਮੀਆਂ ਖਿਲਾਫ਼ ਪੂਰੀ ਸਖਤੀ ਮੁੱਖ ਤਰਜੀਹ ਰਹੇਗੀ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਸਾਲ 2020 ਵਿੱਚ ਜ਼ਿਲ੍ਹਾ ਪੁਲਿਸ ਵਲੋਂ ਕੋਵਿਡ-19 ਮਹਾਂਮਾਰੀ ਕਾਰਨ ਕਈ ਸੰਕਟਾਂ ਦੇ ਬਾਵਜੂਦ ਅਮਨ-ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਲਈ ਸ਼ਲਾਘਾ ਕਰਦਿਆਂ ਪੂਰੀ ਪੁਲਿਸ ਫੋਰਸ ਦੀ ਕਾਰਗੁਜ਼ਾਰੀ ’ਤੇ ਪੂਰਨ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾਣਗੇ ਅਤੇ ਨਾਲ ਹੀ ਪੁਲਿਸ ਫੋਰਸ ਦੇ ਸਰਵਪੱਖੀ ਵਿਕਾਸ ਨੂੰ ਵੀ ਪੂਰੀ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਡਿਊਟੀ ਨੂੰ ਹੋਰ ਵੀ ਬੇਹਤਰ ਢੰਗ ਨਾਲ ਅੰਜ਼ਾਮ ਦੇ ਸਕਣ।
ਜ਼ੁਰਮਾਂ ਖਿਲਾਫ਼ ਕਿਸੇ ਕਿਸਮ ਦਾ ਲਿਹਾਜ ਨਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐਸ.ਐਸ.ਪੀ. ਮਾਹਲ ਨੇ ਕਿਹਾ ਕਿ ਨਸ਼ਿਆਂ, ਮਾਫੀਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ।
ਪੂਰੇ ਹੋਣ ਜਾ ਰਹੇ ਸਾਲ 2020 ਵਿੱਚ ਹੁਸ਼ਿਆਰਪੁਰ ਪੁਲਿਸ ਦੀਆਂ ਕੁਝ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 1 ਅਕਤੂਬਰ ਨੂੰ ਸ਼ੁਰੂ ਕੀਤੇ ਮਿਸ਼ਨ ਚਲਾਨ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਮਿਸ਼ਨ ਤਹਿਤ ਹੁਣ ਤੱਕ 642 ਚਲਾਨ ਵੱਖ-ਵੱਖ ਅਦਾਲਤਾਂ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਚਲਾਨ ਤਹਿਤ ਉਹ ਖੁਦ ਹਰੇਕ ਜਾਂਚ ਅਧਿਕਾਰੀ ਦੀ ਕਾਰਗੁਜਾਰੀ ਦਾ ਮੁਲਾਂਕਣ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਕੰਮ ਵਿੱਚ ਹੋਰ ਤੇਜ਼ੀ ਅਤੇ ਨਿਪੁੰਨਤਾ ਲਿਆਂਦੀ ਜਾ ਸਕੇ।
ਨਾਜਾਇਜ਼ ਸ਼ਰਾਬ ਖਿਲਾਫ਼ ਵਿੱਢੀ ਮੁਹਿੰਮ ਬਾਰੇ ਨਵਜੋਤ ਸਿੰਘ ਮਾਹਲ, ਜਿਨ੍ਹਾਂ ਨੇ 1 ਅਗਸਤ ਨੂੰ ਬਤੌਰ ਐਸ.ਐਸ.ਪੀ. ਚਾਰਜ ਸੰਭਾਲਿਆ, ਨੇ ਦੱਸਿਆ ਕਿ ਅਗਸਤ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖਿਲਾਫ਼ ਜੰਗੀ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਐਕਸਾਈਜ਼ ਐਕਟ ਤਹਿਤ 166 ਕੇਸ ਦਰਜ ਕਰਦਿਆਂ 2520 ਲੀਟਰ ਨਾਜਾਇਜ਼ ਅਤੇ 3222 ਲੀਟਰ ਜਾਇਜ਼ ਸ਼ਰਾਬ ਤੋਂ ਇਲਾਵਾ 26850 ਕਿਲੋ ਲਾਹਨ, 16 ਲੀਟਰ ਬੀਅਰ ਬਰਾਮਦ ਕਰਨ ਦੇ ਨਾਲ-ਨਾਲ ਇਕ ਚਾਲੂ ਭੱਠੀ ਵੀ ਫੜੀ ਗਈ। ਇਸ ਕਾਰਵਾਈ ਦੌਰਾਨ 2 ਭਗੌੜੇ ਵੀ ਕਾਬੂ ਕੀਤੇ ਗਏ।
ਤਕਨੀਕੀ ਅਤੇ ਸਾਇੰਟਫਿਕ ਜਾਂਚ ਦੇ ਖੇਤਰ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਦਿਆਂ ਸ਼ਹਿਰ ਦੇ ਇਕ ਵਕੀਲ ਅਤੇ ਉਸ ਦੀ ਸਹਾਇਕਾ ਦੀ ਭੇਦਭਰੀ ਹਾਲਤ ਵਿੱਚ ਮੌਤ, ਜੋ ਕਿ ਅਸਲ ਵਿੱਚ ਅੰਨਾ ਕਤਲ ਸੀ, ਨੂੰ ਵੀ ਕੁਝ ਦਿਨਾਂ ਵਿੱਚ ਹੀ ਹੱਲ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਚਾਰ ਮੁਲਜ਼ਮਾਂ ਵਿੱਚੋਂ ਬੁਲੰਦ ਸ਼ਹਿਰ ਉਤਰ ਪ੍ਰਦੇਸ਼ ਦੇ ਵਾਸੀ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਰਾਸ਼ਟਰੀ ਪੱਧਰ ’ਤੇ ਕਈ ਦਿਨ ਸੁਰਖੀਆਂ ਅਤੇ ਚਰਚਾ ਵਿੱਚ ਰਹੇ ਟਾਂਡਾ ਖੇਤਰ ਵਿੱਚ 6 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਨੇ ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਦਿਆਂ ਮਾਮਲੇ ਸਬੰਧੀ ਚਲਾਨ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਤਾਂ ਜੋ ਮੁਲਜ਼ਮ ਨੂੰ ਜਲਦ ਤੋਂ ਜਲਦ ਮਿਸਾਲੀਆ ਸਜ਼ਾ ਦਿਵਾਈ ਜਾ ਸਕੇ।
ਅਮਨ-ਕਾਨੂੰਨ ਦੀ ਸਥਿਤੀ ਅਤੇ ਭੈੜੇ ਅਨਸਰਾਂ ਵਿਰੁੱਧ 2020 ਵਿੱਚ ਕੀਤੀ ਕਾਰਵਾਈ ਬਾਰੇ ਦੱਸਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਕੋਵਿਡ-19 ਦੌਰਾਨ ਨਕਲੀ ਕਰਫਿਊ ਪਾਸ ਬਣਾਉਣ ਵਾਲੇ ਗੈਂਗ ਦਾ ਭਾਂਡਾ ਭੰਨਦਿਆਂ 9 ਵਿਅਕਤੀਆਂ ਨੂੰ ਕਾਬੂ ਕੀਤਾ ਜਿਹੜੇ ਨਕਲੀ ਪਾਸਾਂ ਰਾਹੀਂ ਪ੍ਰਵਾਸੀ ਕਾਮਿਆਂ ਨੂੰ ਯੂ.ਪੀ.-ਬਿਹਾਰ ਛੱਡਣ ਲਈ ਮੋਟੇ ਪੈਸੇ ਬਟੋਰ ਰਹੇ ਸਨ। ਇਸ ਤਰ੍ਹਾਂ ਇੰਡੀਅਨ ਓਵਰਸੀਜ਼ ਬੈਂਕ ਗਿਲਜੀਆਂ ਅਤੇ ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਦੀਆਂ ਡਕੈਤੀਆਂ ਨੂੰ ਹੱਲ ਕਰਦਿਆਂ ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਤੋਂ 3 ਦੇਸੀ ਪਿਸਤੌਲਾਂ, 315 ਬੋਰ ਪਿਸਤੌਲ, 8 ਜਿੰਦਾ ਕਾਰਤੂਸ ਅਤੇ 3,78,500 ਰੁਪਏ ਵੀ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਨਵੰਬਰ ਮਹੀਨੇ ਵਿੱਚ ਜ਼ਿਲ੍ਹਾ ਪੁਲਿਸ ਨੇ 6 ਗੈਂਗਸਟਰਾਂ ਫੜੇ ਜਿਨ੍ਹਾਂ ਤੋਂ ਮੁਢਲੀ ਪੁੱਛਗਿਛ ਉਪਰੰਤ ਵੱਡੀਆਂ ਮੱਛੀਆਂ ਕਾਬੂ ਕਰਨ ਵਿੱਚ ਸਫ਼ਲਤਾ ਮਿਲੇਗੀ।
ਐਸ.ਐਸ.ਪੀ. ਨੇ ਦੱਸਿਆ ਕਿ ਪਿੱਛੇ ਜਿਹੇ ਇਕ 80 ਸਾਲਾ ਬਜ਼ੁਰਗ ਮਾਤਾ ਤੋਂ ਨਕਦੀ ਖੋਹ ਕੇ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਘਟਨਾ ਤੋਂ 6 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰਕੇ ਮਾਤਾ ਜੀ ਨੂੰ 67 ਹਜ਼ਾਰ ਰੁਪਏ ਵਾਪਸ ਦਿਵਾਏ। ਇਸੇ ਤਰ੍ਹਾਂ ਇਕ ਪ੍ਰਾਈਵੇਟ ਲੈਬਾਰਟਰੀ ’ਤੇ ਹੋਈ 1.2 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਹੱਲ ਕਰਦਿਆਂ 72 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਕਾਬੂ ਕੀਤਾ। ਨਕਲੀ ਕਰੰਸੀ ਛਾਪਣ ਅਤੇ ਮਾਰਕੀਟ ਵਿੱਚ ਚਲਾਉਣ ਦੇ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 5,93,600 ਰੁਪਏ ਬਰਾਮਦ ਕੀਤੇ ਗਏ।
ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2 ਕਿਲੋ 100 ਗ੍ਰਾਮ ਹੈਰੋਇਨ, 15 ਲੱਖ ਰੁਪਏ ਨਕਦ, ਬਿਨ੍ਹਾਂ ਕਾਗਜ਼ਾਤ ਤੋਂ ਆਈ-20 ਕਾਰ ਬਰਾਮਦ ਕਰਕੇ ਥਾਣਾ ਹਰਿਆਣਾ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਕੋਵਿਡ-19 ਦੇ ਸੰਕਟ ਦੌਰਾਨ ਪੁਲਿਸ ਦੀ ਭੂਮਿਕਾ ਰਹੀ ਅਹਿਮ:
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕੋਵਿਡ-19 ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲਗਾਏ ਲਾਕਡਾਊਨ, ਕਰਫਿਊ ਅਤੇ ਸਮੇਂ-ਸਮੇਂ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਲਈ ਜ਼ਿਲ੍ਹਾ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਕਰਫਿਊ ਅਤੇ ਲਾਕਡਾਊਨ ਤਹਿਤ 27 ਦਸੰਬਰ 2020 ਤੱਕ ਕੁੱਲ 813 ਐਫ.ਆਈ.ਆਰ. ਦਰਜ ਕਰਕੇ 1156 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਦੌਰਾਨ ਮਾਸਕ ਨਾ ਪਾਉਣ ’ਤੇ 49642 ਚਲਾਨ ਕਰਕੇ 3,69,94300 ਰੁਪਏ ਜ਼ੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਿਹਤ ਸੰਕਟ ਦੌਰਾਨ ਪੁਲਿਸ ਫੋਰਸ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਮੁੱਖ ਤਰਜ਼ੀਹ ਦਿੰਦਿਆਂ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਹੁੰਦੇ ਨਿਰਦੇਸ਼ਾਂ ਨੂੰ ਇਨ-ਬਿਨ ਯਕੀਨੀ ਬਣਾਇਆ ਗਿਆ।
ਕੈਪਸ਼ਨ : 01 – ਐਸ.ਐਸ.ਪੀ. ਨਵਜੋਤ ਸਿੰਘ ਮਾਹਲ 80 ਸਾਲਾ ਬਜ਼ੁਰਗ ਮਾਤਾ ਨੂੰ ਉਸ ਕੋਲੋਂ ਲੁੱਟੀ ਗਈ ਰਕਮ ਸੌਂਪਦੇ ਹੋਏ। (ਫਾਈਲ ਫੋਟੋ)
02 – ਅੰਨੇ ਕਤਲ ਦੀ ਗੁੱਥੀ ਸੁਲਝਾਉਣ ਉਪਰੰਤ ਗੱਲਬਾਤ ਕਰਦੇ ਹੋਏ ਐਸ.ਐਸ.ਪੀ. ਨਵਜੋਤ ਸਿੰਘ ਮਾਹਲ। (ਫਾਈਲ ਫੋਟੋ)
03- ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਰਾਮਦ ਕੀਤੇ ਹਥਿਆਰ ਦਿਖਾਉਂਦੇ ਹੋਏ ਐਸ.ਐਸ.ਪੀ. ਨਵਜੋਤ ਸਿੰਘ ਮਾਹਲ। (ਫਾਈਲ ਫੋਟੋ)
04- ਸਥਾਨਕ ਪੁਲਿਸ ਲਾਈਨ ਵਿੱਚ ਸ਼ਹੀਦੀ ਯਾਦਗਾਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਅਤੇ ਹੋਰ ਅਧਿਕਾਰੀ। (ਫਾਈਲ ਫੋਟੋ)