Site icon NewSuperBharat

ਜ਼ਿਲ੍ਹੇ ’ਚ ਯੂਰੀਆ ਦੀ ਕੋਈ ਕਿੱਲਤ ਨਹੀਂ, 2600 ਮੀਟ੍ਰਿਕ ਟਨ ਯੂਰੀਆ ਦੀ ਆਮਦ : ਡਿਪਟੀ ਕਮਿਸ਼ਨਰ

**7 ਬਲਾਕਾਂ ਦੀਆਂ ਸਮੂਹ ਕੋਆਪ੍ਰੇਟਿਵ ਸੋਸਾਇਟੀ ਨੂੰ ਮੁਹੱਈਆ ਹੋਵੇਗਾ ਲੋੜੀਂਦਾ ਯੂਰੀਆ
**ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਬਲਾਕਾਂ ਲਈ ਜਲਦ ਲੱਗੇਗਾ ਰੇਕ
***ਕਿਸਾਨਾਂ ਨੂੰ ਲੋੜ ਤੋਂ ਵੱਧ ਯੂਰੀਆ ਸਟਾਕ ਨਾ ਕਰਨ ਦੀ ਅਪੀਲ


ਹੁਸ਼ਿਆਰਪੁਰ, 01 ਦਸੰਬਰ / ਨਿਊ ਸੁਪਰ ਭਾਰਤ ਨਿਊਜ਼:

ਰੇਲ ਗੱਡੀਆਂ ਦੀ ਬਹਾਲੀ ਉਪਰੰਤ ਮੰਗਲਵਾਰ ਨੂੰ ਸਥਾਨਕ ਰੇਲਵੇ ਸਟੇਸ਼ਨ ’ਤੇ 2600 ਮੀਟ੍ਰਿਕ ਟਨ ਯੂਰੀਆ ਦੀ ਆਮਦ ਨਾਲ ਜ਼ਿਲ੍ਹੇ ਦੇ 7 ਬਲਾਕਾਂ ਦੇ ਕਿਸਾਨਾਂ ਨੂੰ ਲੋੜੀਂਦਾ ਯੂਰੀਆ ਉਪਲਬੱਧ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਯੂਰੀਆ ਦੀ ਕਿਸੇ ਵੀ ਕਿਸਮ ਦੀ ਕੋਈ ਕਿੱਲਤ ਨਹੀਂ ਹੈ।


ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਦ ਹੀ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਬਲਾਕਾਂ ਲਈ ਵਿਸ਼ੇਸ਼ ਮਾਲ ਗੱਡੀ ਰਾਹੀਂ ਯੂਰੀਆ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਅੱਜ ਪਹੁੰਚੀ ਖਾਦ 7 ਬਲਾਕਾਂ ਦੀਆਂ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਮੰਗ ਮੁਤਾਬਕ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਕਿ ਨਾਲ ਦੀ ਨਾਲ ਕਿਸਾਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਉਂਦੇ ਸਮੇਂ ਵਿੱਚ ਜ਼ਿਲ੍ਹੇ ਵਿੱਚ ਯੂਰੀਆ ਦੀ ਲੋੜੀਂਦੀ ਸਪਲਾਈ ਜਾਰੀ ਰਹੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਾਰੇ ਬਲਾਕਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਲੋੜੀਂਦੀ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਰੇਲਵੇ ਰੇਕ ਲੱਗਣ ਨਾਲ ਹਰ ਖੇਤਰ ਵਿੱਚ ਖਾਦ ਪੁੱਜਦੀ ਹੋ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੀ ਮਾਤਰਾ ਵਿੱਚ ਹੀ ਯੂਰੀਆ ਲੈ ਕੇ ਜਾਣ ਨੂੰ ਤਰਜ਼ੀਹ ਅਤੇ ਖਾਦ ਦਾ ਬੇਲੋੜਾ ਸਟਾਕ ਨਾ ਕਰਨ।


ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਸੱਦਾ ਦਿੱਤਾ ਕਿ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਹੋ ਰਹੀ ਲਗਾਤਾਰ ਸਪਲਾਈ ਦੇ ਮੱਦੇਨਜ਼ਰ ਕਿਸਾਨ ਯੂਰੀਆ ਨੂੰ ਮੁੱਢਲੀ ਲੋੜੀਂਦੀ ਮਾਤਰਾ ਵਿੱਚ ਹੀ ਵਰਤਣ ਕਿਉਂਕਿ ਆਉਂਦੇ ਦਿਨਾਂ ਦੌਰਾਨ ਵੀ ਖਾਦ ਸਪਲਾਈ ਬੇਰੋਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਮੁਕੇਰੀਆਂ, ਤਲਵਾੜਾ ਅਤੇ ਹਾਜੀਪੁਰ ਬਲਾਕ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਰੇਕ ਲੱਗਣ ਉਪਰੰਤ ਖਾਦ ਸਪਲਾਈ ਕਰਵਾਈ ਜਾਵੇਗੀ।

Exit mobile version