December 22, 2024

ਪੰਜਾਬ ਪੁਲਿਸ ਦੀ ਬਦਲੀਆਂ ਤੇ ਤਾਇਨਾਤੀਆਂ ਨੀਤੀ ਤਹਿਤ ਐਸ.ਐਸ.ਪੀ. ਵਲੋਂ 337 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ

0

***ਪੁਲਿਸ ਦੀ ਕਾਰਗੁਜ਼ਾਰੀ ’ਚ ਹੋਰ ਨਿਖਾਰ ਲਿਆਵੇਗਾ ਇਹ ਕਦਮ : ਨਵਜੋਤ ਸਿੰਘ ਮਾਹਲ
***446 ਪੁਲਿਸ ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਬਦਲ ਕੇ ਥਾਣਿਆਂ ’ਚ ਕੀਤਾ ਤਾਇਨਾਤ

ਹੁਸ਼ਿਆਰਪੁਰ, 19 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:


ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦੀ ਬਦਲੀਆਂ ਅਤੇ ਤਾਇਨਾਤੀਆਂ  ਨੀਤੀ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ 337 ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀਆਂ। ਇਨ੍ਹਾਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਗ੍ਰਹਿ ਪੁਲਿਸ ਥਾਣਿਆਂ ਅਤੇ ਸਬ-ਡਵੀਜ਼ਨਾਂ ਤੋਂ ਬਦਲ ਕੇ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਜਿਸ ਨਾਲ ਪੁਲਿਸ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਹੋਣ ਦੇ ਨਾਲ-ਨਾਲ ਪੱਖਪਾਤ ਦੀ ਗੁੰਜਾਇਸ਼ ਵੀ ਨਹੀਂ ਰਹੇਗੀ।

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਕ ਪੁਲਿਸ ਥਾਣੇ ਵਿੱਚ 3 ਸਾਲ ਤੋਂ ਵੱਧ ਸਮੇਂ ਤੋਂ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਵੀ ਇਨ੍ਹਾਂ ਬਦਲੀਆਂ ਦੌਰਾਨ ਨਵੀਂ ਜਗ੍ਹਾ ’ਤੇ ਲਾਇਆ ਗਿਆ ਹੈ। ਸਥਾਨਕ ਪੁਲਿਸ ਲਾਈਨ ਵਿੱਚ ਐਸ.ਪੀਜ਼ ਅਤੇ ਡੀ.ਐਸ.ਪੀਜ਼ ਦੀ ਮੌਜੂਦਗੀ ਵਿੱਚ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਤਾਕੀਦ ਕੀਤੀ ਕਿ ਹੁਸ਼ਿਆਰਪੁਰ ਵਿੱਚ ਜ਼ੁਰਮ ਦੀ ਰੋਕਥਾਮ ਲਈ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਆਪੋ-ਆਪਣੀ ਡਿਊਟੀ ਨਿਭਾਈ ਜਾਵੇ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਕਮਿਊਨਿਟੀ ਪੁਲਿਸਿੰਗ ਰਾਹੀਂ ਪੁਲਿਸ-ਪਬਲਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਆਮ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸੇ ਨੂੰ ਹੋਰ ਪੀਡਾ ਕੀਤਾ ਜਾਵੇ।


ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪੁਲਿਸ ਥਾਣਿਆਂ ਵਿੱਚ ਨਫਰੀ ਵਧਾਉਣ ਦੇ ਮੱਦੇਨਜ਼ਰ ਹੁਣ ਤੱਕ 446 ਪੁਲਿਸ ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਫਾਰਗ ਕਰਾ ਕੇ ਪੁਲਿਸ ਸਟੇਸ਼ਨਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋਕ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਥਾਣਿਆਂ ਦੀ ਕਾਰਗੁਜਾਰੀ ਨੂੰ ਹੋਰ ਨਿਖਾਰਿਆ ਜਾ ਸਕੇ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਹੁਸ਼ਿਆਰਪੁਰ ਵਿੱਚ ਚਾਰਜ ਸੰਭਾਲਣ ਉਪਰੰਤ ਹੁਣ ਤੱਕ 783 ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਹੜੀਆਂ ਕਿ ਨੌਜਵਾਨ ਪੁਲਿਸ ਮੁਲਾਜ਼ਮਾਂ ਵਲੋਂ ਆਪਣੀ ਡਿਊਟੀ ਹੋਰ ਵੀ ਸੁਚੱਜੇ ਢੰਗ ਨਾਲ ਕਰਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕ ਸ਼ਿਕਾਇਤਾਂ ਦੇ ਤੁਰੰਤ ਨਬੇੜੇ ਵਿੱਚ ਸਹਾਈ ਹੋਣਗੀਆਂ।

ਇਸ ਮੌਕੇ ਐਸ.ਪੀ. (ਜਾਂਚ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. (ਐਚ) ਰਮਿੰਦਰ ਸਿੰਘ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *