ਕੈਬਨਿਟ ਮੰਤਰੀ ਅਰੋੜਾ ਨੇ ਵਾਰਡ ਨੰਬਰ 9 ਮੁਹੱਲਾ ਅਸਲਾਮਾਬਾਦ ਦੇ ਵਾਟਰ ਟੈਂਕ ਪਾਰਕ ’ਚ ਆਊਟਡੋਰ ਜਿੰਮ ਦਾ ਕੀਤਾ ਉਦਘਾਟਨ
-ਲੋਕਾਂ ਨੂੰ ਕਸਰਤ ਕਰਕੇ ਸਿਹਤਮੰਦ ਜੀਵਨ ਅਪਣਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 19 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:
ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਪਾਰਕਾਂ ਵਿੱਚ ਲਗਾਏ ਜਾ ਰਹੇ ਓਪਨ ਜਿੰਮ ਇਲਾਕਾ ਵਾਸੀਆਂ ਦੀ ਤੰਦਰੁਸਤੀ ਲਈ ਲਾਭਦਾਇਕ ਸਾਬਤ ਹੋ ਰਹੇ ਹਨ। ਪਾਰਕ ਵਿੱਚ ਸੈਰ ਕਰਨ ਦੇ ਨਾਲ-ਨਾਲ ਲੋਕ ਆਪਣੇ ਸਰੀਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਓਪਨ ਜਿੰਮ ਦਾ ਲਾਭ ਲੈ ਰਹੇ ਹਨ। ਉਹ ਵਾਰਡ ਨੰਬਰ 9 ਦੇ ਮੁਹੱਲਾ ਅਸਲਾਮਾਬਾਦ ਦੇ ਵਾਟਰ ਟੈਂਕ ਵਿੱਚ ਆਊਟਡੋਰ ਜਿੰਮ ਦਾ ਉਦਘਾਟਨ ਕਰਨ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਆਊਟਡੋਰ ਜਿੰਮ ਲੱਗਣ ਨਾਲ ਹੁਣ ਲੋਕਾਂ ਨੂੰ ਪੈਸੇ ਖਰਚ ਕੇ ਜਿੰਮ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਬਲਕਿ ਉਹ ਆਪਣੇ ਆਸ-ਪਾਸ ਹੀ ਪਾਰਕਾਂ ਵਿੱਚ ਲੱਗੇ ਆਊਟਡੋਰ ਜਿੰਮ ਵਿੱਚ ਜਾ ਕੇ ਕਸਰਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲਗਾਏ ਗਏ ਇਨ੍ਹਾਂ ਆਊਟਡੋਰ ਜਿੰਮ ਦਾ ਬੱਚੇ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਸਾਰੇ ਫਾਇਦਾ ਲੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸਿਹਤ ਪ੍ਰਤੀ ਗੰਭੀਰਤਾ ਦਿਖਾਉਣ ਅਤੇ ਵੱਧ ਤੋਂ ਵੱਧ ਕਸਰਤ ਕਰਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਸਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਵੱਧ ਤੋਂ ਵੱਧ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪਾਰਕਾਂ ਵਿੱਚ ਓਪਨ ਜਿੰਮ ਲਗਾਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ’ਤੇ ਸੁਰਿੰਦਰ ਪਾਲ ਸਿੱਧੂ, ਅਜੀਤ ਸਿੰਘ, ਬਹਾਦਰ ਸਿੰਘ, ਹਰਭਜਨ ਚੋਪੜਾ, ਹਰਕ੍ਰਿਸ਼ਨ ਸਿੰਘ, ਬੂਟਾ ਰਾਮ, ਜੋਗਿੰਦਰ ਸਿੰਘ, ਅਸ਼ੋਕ ਸ਼ਰਮਾ, ਪਰਗਟ ਸਿੰਘ, ਗੁਰਪਾਲ ਚੰਦ, ਬਲਦੇਵ ਰਾਜ, ਕੈਪਟਨ ਕਰਨੈਲ ਸਿੰਘ, ਸਤਨਾਮ ਸਿੰਘ, ਕਮਲਜੀਤ ਕੌਰ, ਹਰਪਾਲ ਕੌਰ, ਗੁਰਮੀਤ ਕੌਰ, ਬਿਮਲਾ ਦੇਵੀ ਤੋਂ ਇਲਾਵਾ ਹੋਰ ਮੁਹੱਲਾ ਵਾਸੀ ਵੀ ਹਾਜ਼ਰ ਸਨ।