ਕੈਬਨਿਟ ਮੰਤਰੀ ਅਰੋੜਾ ਨੇ ਵਾਰਡ ਨੰਬਰ 9 ’ਚ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
-ਕਿਹਾ, ਸ਼ਹਿਰ ’ਚ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਅਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਚੱਲਦੇ ਰਹਿਣਗੇ ਪ੍ਰੋਜੈਕਟ
ਹੁਸ਼ਿਆਰਪੁਰ, 17 ਨਵੰਬਰ / ਨਿਊ ਸੁਪਰ ਭਾਰਤ ਨਿਊਜ਼ :
ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਲਗਾਤਾਰ ਪ੍ਰੋਜੈਕਟ ਚੱਲਦੇ ਰਹਿਣਗੇ। ਉਹ ਵਾਰਡ ਨੰਬਰ 9 ਅਸਲਾਮਾਬਾਦ ਦੇ ਏਅਰਮੈਨ ਵਾਲੀ ਗਲੀ ਅਤੇ ਧੰਮਾ ਸਵੀਟ ਸ਼ਾਪ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਦੇ ਆਧਾਰ ’ਤੇ ਗਲੀਆਂ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਪੂਰਾ ਕੀਤਾ ਜਾਵੇਗਾ, ਜਿਸ ਵਿੱਚ ਏਅਰਮੈਨ ਵਾਲੀ ਗਲੀ ਦੇ ਨਿਰਮਾਣ ’ਤੇ ਕਰੀਬ 13 ਲੱਖ ਰੁਪਏ ਅਤੇ ਧੰਮਾ ਸਵੀਟ ਸ਼ਾਪ ਵਾਲੀ ਗਲੀ ਦੇ ਨਿਰਮਾਣ ’ਤੇ ਕਰੀਬ 7 ਲੱਖ ਖਰਚ ਕੀਤੇ ਜਾਣਗੇ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ੁਰੂ ਕੀਤੇ ਗਏ ਕਾਰਜ ਨੂੰ ਪੂਰੀ ਗੰਭੀਰਤਾ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਢਿੱਲੀ ਕਾਰਗੁਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਜਾਵੇ, ਤਾਂ ਜੋ ਜਨਤਾ ਨੂੰ ਸਮੇਂ ਸਿਰ ਵੱਖ-ਵੱਖ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕਾਰਜ ਵਿੱਚ ਗੁਣਵੱਤਾ ਦੇ ਪੱਖੋਂ ਕੋਈ ਕਮੀਂ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਖੁੱਦ ਜਾ ਕੇ ਸਾਰੇ ਕਾਰਜਾਂ ਦਾ ਜਾਇਜ਼ਾ ਲੈਣਗੇ ਅਤੇ ਸਪੈਸ਼ਲ ਟੀਮ ਤੋਂ ਵੀ ਕਾਰਜਾਂ ਦੀ ਚੈਕਿੰਗ ਕਰਵਾਈ ਜਾਵੇਗੀ।
ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਵੀ ਮਿਥੇ ਸਮੇਂ ’ਤੇ ਸ਼ੁਰੂ ਕੀਤਾ ਜਾਵੇਗਾ ਅਤੇ ਹੁਸ਼ਿਆਰਪੁਰ ਦੇ ਵਿਕਾਸ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਬੁਨਿਆਦੀ ਢਾਂਚੇ ਤੋਂ ਲੈ ਕੇ ਸ਼ਹਿਰ ਦੇ ਸੁੰਦਰੀਕਰਨ ਤੱਕ ਵਿਕਾਸ ਕਾਰਜ ਲਗਾਤਾਰ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਸਮੱਸਿਆ ਦਾ ਮਿਥੇ ਸਮੇਂ ਵਿੱਚ ਹੱਲ ਕੀਤਾ ਜਾਵੇਗਾ। ਇਸ ਮੌਕੇ ’ਤੇ ਅਜੀਤ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਰਣਵੀਰ ਸਿੰਘ, ਹਰਕ੍ਰਿਸ਼ਨ ਸਿੰਘ, ਤਰਲੋਕ ਸਿੰਘ ਏਅਰਮੈਨ, ਅਮਰਜੀਤ ਸਿੰਘ, ਹਰਭਜਨ ਚੋਪੜਾ, ਹਰਵਿੰਦਰ ਸਿੰਘ ਰਾਣਾ, ਸੁਰਿੰਦਰ ਪਾਲ ਸਿੱਧੂ, ਬਹਾਦਰ ਸਿੰਘ, ਬੂਟਾ ਸਿੰਘ, ਅਸ਼ੋਕ ਸ਼ਰਮਾ, ਗੁਰਮੀਤ ਕੌਰ, ਭੂਪਿੰਦਰ ਕੌਰ, ਕਮਲਜੀਤ ਕੌਰ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।