ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਦਾ ਖੇਤ ’ਚ ਹੀ ਪ੍ਰਬੰਧਨ ਸਬੰਧੀ ਪਿੰਡ ਟੋਡਰਪੁਰ ’ਚ ਲਗਾਇਆ ਜਾਗਰੂਕਤਾ ਕੈਂਪ
ਹੁਸ਼ਿਆਰਪੁਰ, 31 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਿੰਡ ਟੋਡਰਪੁਰ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਹਾਇਕ ਪ੍ਰੋਫੈਸਰ ਸਬਜੀ ਵਿਗਿਆਨ ਡਾ. ਸੁਖਵਿੰਦਰ ਸਿੰਘ ਔਲਖ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਅਤੇ ਪਰਾਲੀ ਦੇ ਪ੍ਰਯੋਗ ਰਾਹੀਂ ਮਸ਼ਰੂਮ ਦੀ ਕਾਸ਼ਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਨੇ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਅਤੇ ਉਪਲਬੱਧ ਮਸ਼ੀਨਰੀ ਅਤੇ ਤਕਨੀਕ ਰਾਹੀਂ ਇਸ ਦਾ ਪ੍ਰਯੋਗ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਡਾ. ਬੌਂਸ ਨੇ ਪਰਾਲੀ ਪ੍ਰਬੰਧਨ ਸਬੰਧੀ ਪਿਛਲੇ ਸਾਲ ਦੌਰਾਨ ਮਾਹਿਲਪੁਰ ਬਲਾਕ ਦੇ ਅਪਨਾਏ ਪਿੰਡ ਟੋਡਰਪੁਰ, ਕੋਟਲਾ, ਪੰਜੌੜਾ ਗੰਗਾ ਸਿੰਘ, ਮਖਸੂਸਪੁਰ, ਈਸਪੁਰ, ਭਗਤਪੁਰ, ਜਲਵੇਹੜਾ, ਸਕਰੂਲੀ, ਗੁਜਰਪੁਰ ਦੇ ਕਿਸਾਨਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਮਿਹਨਤ ਕਰਕੇ ਪਰਾਲੀ ਪ੍ਰਬੰਧਨ ਵਿੱਚ ਬਹੁਮੁੱਲ ਅਤੇ ਅਹਿਮ ਯੋਗਦਾਨ ਪਾਇਆ ਸੀ। ਡਾ. ਬੌਂਸ ਨੇ ਕਣਕ ਦੀ ਕਾਸ਼ਤ ਸਬੰਧੀ ਜਰੂਰੀ ਸੁਝਾਵ ਵੀ ਸਾਂਝੇ ਕੀਤੇ।
ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਡਾ. ਅਰੁਣਬੀਰ ਸਿੰਘ ਨੇ ਪਸ਼ੂ ਪਾਲਣ ਅਤੇ ਪਰਾਲੀ ਦਾ ਪਸ਼ੂ ਚਾਰੇ ਦੇ ਤੌਰ ’ਤੇ ਪ੍ਰਯੋਗ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਗਾਂਹਵਧੂ ਕਿਸਾਨ ਸੰਦੀਪ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਨੇ ਵੀ ਪਰਾਲੀ ਪ੍ਰਬੰਧਨ ਸਬੰਧੀ ਆਪਣੇ ਸਫ਼ਲ ਅਨੁਭਵ ਕਿਸਾਨਾਂ ਨਾਲ ਸਾਂਝੇ ਕੀਤੇ। ਕਿਸਾਨਾਂ ਦੀ ਸੁਵਿਧਾ ਲਈ ਰਬੀ ਦੀ ਫਸਲਾਂ ਦੇ ਬੀਜ, ਸਰਦੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ, ਦਾਲਾਂ ਅਤੇ ਤੇਲਬੀਜਾਂ ਦੀਆਂ ਕਿੱਟਾਂ, ਪਸ਼ੂਆਂ ਲਈ ਚੂਰਾ ਅਤੇ ਖੇਤੀ ਸਾਹਿਤ ਵੀ ਉਪਲਬੱਧ ਕਰਵਾਇਆ ਗਿਆ। ਜਾਗਰੂਕਤਾ ਕੈਂਪ ਵਿੱਚ ਸੰਦੀਪ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਸਤਵੀਰ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ, ਰਣਬੀਰ ਸਿੰਘ, ਜੋਗਾ ਸਿੰਘ, ਹਰਜੀਤ ਸਿੰਘ, ਦਲਜੀਤ ਸਿੰਘ, ਅਜੈਬ ਸਿੰਘ ਆਦਿ ਵੀ ਮੌਜੂਦ ਸਨ।