ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ 2 ਨਵੰਬਰ ਤੋਂ ਬਣਾਏ ਜਾਣਗੇ ਈ-ਕਾਰਡ : ਅਪਨੀਤ ਰਿਆਤ
***ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਾਰਡ ਬਣਾਉਣ ਵਾਲੀ ਏਜੰਸੀ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ
***ਸ਼ੁਰੂਆਤੀ ਦੌਰ ’ਚ ਦਾਣਾ ਮੰਡੀ ਰਹੀਮਪੁਰ ਅਤੇ ਸਿਵਲ ਹਸਪਤਾਲ ’ਚ ਬਣਾਏ ਜਾਣਗੇ ਈ-ਕਾਰਡ
ਹੁਸ਼ਿਆਰਪੁਰ, 29 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ 2 ਨਵੰਬਰ ਤੋਂ ਕੰਮ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅਧਿਕਾਰਤ ਕੀਤੀ ਗਈ ਏਜੰਸੀ ਵਾਈਡਲ ਹੈਲਥਕ ਟੀ.ਪੀ.ਏ. ਦਾਣਾ ਮੰਡੀ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਤੋਂ ਈ-ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਰਹੀ ਹੈ। ਉਹ ਅੱਜ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਅਤੇ ਕੰਪਨੀ ਦੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਏਜੰਸੀ ਵਲੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਕਾਰਡ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਲਾਭਪਾਤਰੀ ਏਜੰਸੀ ਦੇ ਦੱਸੇ ਗਏ ਸਥਾਨਾਂ ’ਤੇ ਜਾ ਕੇ ਨਿਰਧਾਰਿਤ ਸਬੂਤ ਦੇ ਕੇ 30 ਰੁਪਏ ਪ੍ਰਤੀ ਕਾਰਡ ਭੁਗਤਾਨ ਫੀਸ ਅਦਾ ਕਰਕੇ ਇਹ ਕਾਰਡ ਬਣਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਨੂੰ ਕਾਰਡ ਦੇਣ ਤੋਂ ਬਾਅਦ ਹੀ ਭੁਗਤਾਨ ਫੀਸ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਸਾਲ 2011 ਵਿੱਚ ਹੋਈ ਜਨਗਣਨਾ ਦੇ ਆਧਾਰ ’ਤੇ ਐਨ.ਐਫ.ਐਸ. ਨੀਲਾ ਕਾਰਡ ਧਾਰਕਾਂ, ਕਿਸਾਨ ਪਰਿਵਾਰ (ਜੇ. ਫਾਰਮ ਹੋਲਡਰ), ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪੱਤਰਕਾਰ, ਛੋਟੇ ਵਪਾਰੀ, ਲੇਬਰ ਵਿਭਾਗ ਦੇ ਰਜਿਸਟਰ ਨਿਰਮਾਣ ਕਾਮੇ ਨੂੰ ਦਿੱਤਾ ਜਾਵੇਗਾ। ਉਕਤ ਸਾਰੇ ਵਰਗਾਂ ਦੇ ਲਾਭਪਾਤਰੀਆਂ ਲਈ ਨੀਲਾ ਕਾਰਡ, ਪੈਨ ਕਾਰਡ, ਆਧਾਰ ਕਾਰਡ ਅਤੇ ਰਿਹਾਇਸ਼ ਦਾ ਸਬੂਤ ਲੈ ਕੇ ਆਉਣਾ ਜ਼ਰੂਰੀ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਕਤ ਪਰਿਵਾਰਾਂ ਦੀ ਸੁਵਿਧਾਂ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਸਾਲਾਨਾ 5 ਲੱਖ ਰੁਪਏ ਦੇ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ ਜੋ ਕਿ ਜ਼ਿਲ੍ਹੇ ਦੇ ਅਧਿਕਾਰਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਸਿਵਲ ਸਰਜਨ ਡਾ. ਜਸਵੀਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਜਨੀਸ਼ ਕੁਮਾਰੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਵਾਈਲਡ ਹੈਲਥ ਟੀ.ਪੀ.ਏ ਕੰਪਨੀ ਦੇ ਮੈਂਬਰ ਰਣਜੀਤ ਸਿੰਘ ਅਤੇ ਕੁੰਦਨ ਰਵੀ ਵੀ ਹਾਜ਼ਰ ਸਨ।