ਪੁਲਿਸ ਲਾਈਨ ’ਚ ਸ਼ਹੀਦ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬੱਲਾਂ ਨੂੰ ਯਾਦ ਕਰਦੇ ਹੋਏ ਦਿੱਤੀ ਸ਼ਰਧਾਂਜ਼ਲੀ
ਹੁਸ਼ਿਆਰਪੁਰ, 21 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਪੰਜਾਬ ਪੁਲਿਸ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਅੱਜ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਦੇਸ਼ ਦੇ ਸ਼ਹੀਦ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬੱਲਾਂ ਨੂੰ ਯਾਦ ਕਰਕੇ ਸ਼ਰਧਾ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪੁਲਿਸ ਜਵਾਨਾਂ ਵਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਵਲੋਂ ਦੋ ਮਿਨਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਪੁਲਿਸ ਸ਼ਹੀਦੀ ਦਿਵਸ ਪਰੇਡ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 21 ਅਕਤੂਬਰ 1959 ਨੂੰ ਹਾਟ ਸਪਰਿੰਗ (ਲਦਾਖ) ਵਿੱਚ ਚੀਨੀ ਫੌਜੀਆਂ ਵਲੋਂ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਸੀ.ਆਰ.ਪੀ.ਐਫ. ਦੇ 10 ਜਵਾਨਾਂ ਦੇ ਸ਼ਹੀਦ ਹੋਣ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚ ਡਿਊਟੀ ਦੌਰਾਨ ਸੈਂਕੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਖਿਲਾਫ਼ ਲੜਾਈ ਵਿੱਚ ਬਲੀਦਾਨ ਦਿੱਤਾ ਅਤੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਵਿੱਚ ਮੁੜ ਅਮਨ ਅਤੇ ਕਾਨੂੰਨ ਦੀ ਬਹਾਲੀ ਲਿਆਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਗੌਰਵ ਨੂੰ ਵਧਾਉਣ ਅਤੇ ਪੁਲਿਸ ਫੋਰਸ ਵਲੋਂ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਡਟ ਕੇ ਖੜ੍ਹੇ ਹੋਣ ਦੇ ਪ੍ਰਣ ਨੂੰ ਦੁਹਰਾਉਣ ਲਈ ਮਨਾਇਆ ਜਾਂਦਾ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਹਰ ਸਾਲ ਦੇਸ਼ ਦੀ ਅੰਦਰੂਨੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਦੇਸ਼ ਦੇ ਸਮੂਹ ਪੁਲਿਸ ਅਤੇ ਅਰਧ ਸੈਨਿਕ ਬੱਲਾਂ ਦੇ ਜਵਾਨਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਸ ਸ਼ਹੀਦੀ ਦਿਵਸ ’ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਦੇਸ਼ ਦੇ ਹਿੰਸਾਗ੍ਰਸਤ ਇਲਾਕਿਆਂ ਵਿੱਚ ਅੱਤਵਾਦ ਵਿਰੋਧੀ ਲੜਾਈ ਦੌਰਾਨ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਅਮਨ ਕਾਨੂੰਨ ਬਹਾਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 1 ਸਤੰਬਰ 2019 ਤੋਂ 31 ਅਗਸਤ 2020 ਤੱਕ ਭਾਰਤ ਵਿੱਚ ਕੁਲ 264 ਪੁਲਿਸ ਤੇ ਅਰਧ ਸੈਨਿਕ ਬੱਲਾਂ ਦੇ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਹਨ।
ਇਸ ਮੌਕੇ ਐਸ.ਪੀ. ਰਮਿੰਦਰ ਸਿੰਘ, ਐਸ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ, ਡੀ.ਐਸ.ਪੀ. ਸਿਟੀ ਜਗਦੀਸ਼ ਰਾਜ ਅੱਤਰੀ, ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ, ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।