ਝੋਨੇ ਦੀ ਪਰਾਲੀ ਦੀ ਸੁਚਾਰੂ ਢੰਗ ਨਾਲ ਸਾਂਭ-ਸੰਭਾਲ ਕਰ ਰਹੇ ਹਨ ਪਿੰਡ ਪੰਜੌੜਾ ਦੇ ਕਿਸਾਨ***ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ ਵਲੋਂ ਦੱਸੀਆਂ ਤਕਨੀਕਾਂ ਅਪਣਾ ਕੇ ਖੇਤੀ ਵਿੱਚ ਨਵੀਂ ਮਿਸਾਲ ਕਾਇਮ ਕਰ ਰਹੇ ਹਨ ਪਿੰਡ ਦੇ ਕਿਸਾਨ
ਹੁਸ਼ਿਆਰਪੁਰ, 19 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਪਰਾਲੀ ਦੇ ਸੁਚਾਰੂ ਪ੍ਰਬੰਧਨ ਦੇ ਲਈ ਚਲਾਈ ਗਈ ਮੁਹਿੰਮ ਵਿੱਚ ਕੁਝ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਅਣਥੱਕ ਮਿਹਨਤ ਦੇ ਚੱਲਦੇ ਝੋਨੇ ਦੀ ਪਰਾਲੀ ਦਾ ਸੁਚਾਰੂ ਪ੍ਰਬੰਧਨ ਕਰਕੇ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਪਿੰਡਾਂ ਵਿੱਚ ਬਲਾਕ ਮਾਹਿਲਪੁਰ ਦਾ ਪਿੰਡ ਪੰਜੌੜਾ ਵੀ ਸ਼ਾਮਲ ਹੈ, ਜਿਥੋਂ ਦੇ ਕਿਸਾਨ ਆਪਣੀ ਅਗਾਂਹਵਧੂ ਸੋਚ ਦੇ ਕਾਰਨ ਜ਼ਿਲ੍ਹੇ ਵਿੱਚ ਹੋਰ ਕਿਸਾਨਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ ਅਤੇ ਪਿੰਡ ਵਿੱਚ ਬੇਲਰ ਦਾ ਪ੍ਰਯੋਗ ਕਰਕੇ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰ ਰਹੇ ਹਨ।
ਪਿੰਡ ਦੇ ਅਗਾਂਹਵਧੂ ਕਿਸਾਨ ਹਰਜੀਤ ਸਿੰਘ ਜੋ ਕਿ 21 ਏਕੜ ਵਿੱਚ ਝੋਨੇ ਅਤੇ ਕਣਕ ਦੀ ਖੇਤੀ ਕਰਦਾ ਹੈ ਅਤੇ ਰਬੀ 2018 ਤੋਂ ਹੀ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਸਫਲ ਬਿਜਾਈ 20 ਏਕੜ ਰਕਬੇ ਵਿੱਚ ਕਰਦਾ ਆ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਸਫਲ ਖੇਤੀ ਕਰਕੇ ਦੂਜੇ ਕਿਸਾਨਾਂ ਦੀ ਮਦਦ ਨਾਲ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਫਾਰਮ ਮਸ਼ੀਨਰੀ ਬੈਂਕ ਵੀ ਬਣਾਇਆ ਹੈ। ਉਹ ਹੈਪੀ ਸੀਡਰ ਵਿਧੀ ਨਾਲ ਸੰਤੁਸ਼ਟ ਕਿਉਂÎਕ ਇਸ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਸੰਭਵ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਕਣਕ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ।
ਕਿਸਾਨ ਹਰਜੀਤ ਸਿੰਘ ਨੇ ਜਿਥੇ 2019-20 ਵਿੱਚ ਖੇਤੀਬਾੜੀ ਵਿਗਿਆਨ ਕੇਂਦਰ ਦੁਆਰਾ ਉਪਲਬੱਧ ਕਰਵਾਏ ਉਲਟਾਵੇਂ ਹਲ ਅਤੇ ਮਲਚਰ ਦੀ ਮਦਦ ਨਾਲ ਝੋਨੇ ਤੋਂ ਬਾਅਦ ਆਲੂ ਦੀ ਵੀ ਸਫਲ ਖੇਤੀ ਕੀਤੀ ਹੈ ਉਥੇ ਉਹ ਖੇਤ ਨੂੰ ਇਕਸਾਰ ਕਰਨ ਲਈ ਕੰਪਿਊਟਰ ਕਰਾਹੇ ਦਾ ਵੀ ਪ੍ਰਯੋਗ ਕਰ ਰਹੇ ਹਨ ਅਤੇ ਆਪਣੀ ਖੇਤੀ ਸਬੰਧੀ ਤਜ਼ਰਬਿਆਂ ਨੂੰ ਦੂਜੇ ਕਿਸਾਨਾਂ ਨਾਲ ਵੀ ਸਾਂਝਾ ਕਰਦਾ ਹੈ। ਉਹ ਹਮੇਸ਼ਾ ਹੀ ਦੂਜੇ ਕਿਸਾਨਾਂ ਨੂੰ ਵਾਤਾਵਰਣ ਪੱਖੀਂ ਤਕਨੀਕਾਂ ਅਪਣਾਉਣ ਸਬੰਧੀ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਆਧੁਨਿਕ ਤਕਨੀਕ ਨਾਲ ਇਹ ਕਿਸਾਨ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਕਿਸਾਨ ਮੇਲਿਆਂ ਵਿੱਚ ਵੀ ਸ਼ਿਰਕਤ ਕਰਦਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਕਿਸਾਨ ਕਲੱਬ ਦਾ ਮੈਂਬਰ ਵੀ ਹੈ ਅਤੇ ਖੇਤੀਬਾੜੀ ਸਬੰਧੀ ਤਕਨੀਕਾਂ ਹੋਰ ਕਿਸਾਨਾਂ ਨਾਲ ਵੀ ਸਾਂਝੀਆਂ ਕਰਦਾ ਹੈ। ਇਸ ਤੋਂ ਇਲਾਵਾ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀਆਂ ਝੋਨੇ ਅਤੇ ਕਣਕ ਦੀਆਂ ਸਿਫਾਰਿਸ਼ ਕਿਸਮਾਂ ਦੀ ਖੇਤੀ ਕਰਦਾ ਹੈ।
ਪਿੰਡ ਪੰਜੌੜਾ ਦੇ ਇਕ ਹੋਰ ਕਿਸਾਨ ਸਤਨਾਮ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਦੁਆਰਾ ਉਪਲਬੱਧ ਸਬਸਿਡੀ ’ਤੇ ਰੇਕ ਅਤੇ ਬੇਲਰ ਖਰੀਦਿਆ ਹੈ, ਜਿਸ ਨੇ ਨਾਲ ਪਰਾਲੀ ਦੀਆਂ ਲਾਈਨਾਂ ਬਣ ਜਾਂਦੀਆਂ ਹਨ, ਇਨ੍ਹਾਂ ਲਾਈਨਾਂ ਨਾਲ ਬੇਲਰ ਰਾਹੀਂ ਉਹ ਪਰਾਲੀ ਦੀਆਂ ਗੰਢਾਂ ਬਣਾਉਂਦਾ ਹੈ। ਇਹ ਕਿਸਾਨ ਪਰਾਲੀ ਦੀਆਂ ਗੰਢਾਂ ਨੂੰ ਪਿੰਡ ਬਿੰਜੋਂ ਵਿੱਚ ਲੱਗੇ ਬਾਇਓ ਮਾਸ ਪਲਾਂਟ ਵਿੱਚ ਵੇਚਦਾ ਹੈ। ਇਸਦੇ ਕੋਲ ਇਸ ਸਮੇਂ 2 ਬੇਲਰ ਹਨ ਅਤੇ ਪੰਜੌੜਾ ਅਤੇ ਨਜਦੀਕੀ ਪਿੰਡਾਂ ਵਿੱਚ ਵੀ ਬੇਲਰ ਰਾਹੀਂ ਪਰਾਲੀ ਦੀ ਉਹ ਸੰਭਾਲ ਕਰ ਰਿਹਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਪਿੰਡ ਪੰਜੌੜਾ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਕੰਮ ਲਈ ਸਾਲ 2018-19 ਵਿੱਚ ਕੇਂਦਰੀ ਪ੍ਰੋਜੈਕਟ ਤਹਿਤ ਅਪਣਾਇਆ ਗਿਆ ਸੀ ਅਤੇ ਇਸ ਬਾਬਤ ਸਿਖਲਾਈ ਕੋਰਸ, ਜਾਗਰੂਕਤਾ ਮੁਹਿੰਮ ਅਤੇ ਪ੍ਰਦਰਸ਼ਨੀਆਂ ਰਾਹੀਂ ਵੱਖ-ਵੱਖ ਗਤੀਵਿਧੀਆਂ ਵੀ ਚਲਾਈਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਪਿੰਡ ਦੇ ਅਗਾਂਹਵਧੂ ਕਿਸਾਨ ਹਰਜੀਤ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਗੁਰਦੇਵ ਸਿੰਘ, ਜਸਕਰਨ ਸਿੰਘ, ਸੁਰਿੰਦਰ ਸਿੰਘ, ਗਗਨਦੀਪ ਸਿੰਘ, ਪਰਮਿੰਦਰ ਸਿੰਘ ਆਦਿ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਸਫਲਤਾਪੂਰਵਕ ਸਿੱਧੀ ਬਿਜਾਈ ਕਰ ਰਹੇ ਹਨ। ਪਿੰਡ ਦੇ ਸੂਝਵਾਨ ਕਿਸਾਨਾਂ ਵਲੋਂ ਵੱਡੇ ਰਕਬੇ ’ਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਮਿਲਾਇਆ ਜਾ ਰਿਹਾ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਇਸਦੇ ਨਾਲ ਹੀ ਪਸ਼ੂ ਚਾਰੇ ਲਈ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ।