ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਕੀਤਾ ਗਿਆ ਜਾਗਰੂਕ *** ਜ਼ਿਲ੍ਹੇ ਦੇ ਬਲਾਕ ਭੂੰਗਾ, ਦਸੂਹਾ, ਹਾਜੀਪੁਰ, ਟਾਂਡਾ ਅਤੇ ਤਲਵਾੜਾ ਦੇ ਪਿੰਡਾਂ ’ਚ ਲਗਾਏ ਗਏ ਕੈਂਪ

ਹੁਸ਼ਿਆਰਪੁਰ, 6 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਅੱਜ ਬਲਾਕ ਭੂੰਗਾ ਦੇ ਪਿੰਡ ਢੱਟ, ਸਕਰਾਲਾ, ਹੂਸੈਨਪੁਰ, ਬਲਾਕ ਦਸੂਹਾ ਦੇ ਪਿੰਡ ਸਫਦਰਪੁਰ, ਬਲਾਕ ਹਾਜੀਪੁਰ ਦੇ ਪਿੰਡ ਮੀਰਪੁਰ, ਬਲਾਕ ਟਾਂਡਾ ਦੇ ਪਿੰਡ ਤਲਵੰਡੀ ਡੰਡੀਆਂ ਅਤੇ ਤਲਵਾੜਾ ਦੇ ਪਿੰਡ ਝਿੰਗੜਵਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬਲਾਕ ਦੇ ਖੇਤੀ ਵਿਭਾਗ ਦੇ ਪ੍ਰਤੀਨਿੱਧੀਆਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਬਾਰੇ ਦੱਸਿਆ।

ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਹਵਾ ਵਿੱਚ ਪ੍ਰਦੂਸ਼ਣ ਦੇ ਨਾਲ-ਨਾਲ ਜਮੀਨ ਵਿੱਚ ਰਹਿੰਦੇ ਬਹੁਤ ਲਾਭਦਾਇਕ ਜੀਵ ਜੋ ਕਿ ਫ਼ਸਲਾਂ ਲਈ ਲਾਹੇਵੰਦ ਹੁੰਦੇ ਹਨ, ਨਸ਼ਟ ਹੋ ਜਾਂਦੇ ਹਨ, ਉਥੇ ਪਰਾਲੀ ਵਿੱਚ ਮੌਜੂਦ ਨਾਈਟ੍ਰੋਜਨ, ਪੋਟਾਸ, ਫਾਸਫੋਰਸ ਵੀ ਅੱਗ ਨਾਲ ਨਸ਼ਟ ਹੋ ਜਾਂਦੇ ਹਨ। ਇਸ ਦੌਰਾਨ ਇੰਜੀਨੀਅਰ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਹੀ ਦਬਾਉਣ ’ਤੇ ਜ਼ੋਰ ਦਿੰਦੇ ਹੋਏ ਵੱਖ-ਵੱਖ ਮਸ਼ੀਨਾਂ ਜੋ ਕਿ ਵਿਭਾਗ ਵਲੋਂ ਸਬਸਿਡੀ ’ਤੇ ਦਿੱਤੀਆਂ ਗਈਆਂ ਹਨ, ਦੇ ਪ੍ਰਯੋਗ ’ਤੇ ਜ਼ੋਰ ਦਿੱਤਾ। ਇਸ ਮੌਕੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਖੜੇ ਪਰਾਲ ਵਿੱਚ ਹੈਪੀ ਸੀਡਰ ਨਾਲ ਬੀਜਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਖੇਤੀ ਵਿਭਾਗ ਦੇ ਹੋਰ ਅਧਿਕਾਰੀ, ਕਰਮਚਾਰੀ ਅਤੇ ਇਲਾਕੇ ਦੇ ਕਿਸਾਨ ਵੀ ਮੌਜੂਦ ਸਨ।