ਘਰ-ਘਰ ਰੋਜ਼ਗਾਰ: ਸਮਾਲ ਕੈਟਾਗਿਰੀ ’ਚ ਹੁਸ਼ਿਆਰਪੁਰ ਸੂਬੇ ਭਰ ’ਚ ਪਹਿਲੇ ਸਥਾਨ ’ਤੇ ਰਿਹਾ : ਸੁੰਦਰ ਸ਼ਾਮ ਅਰੋੜਾ
** 2000 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਉਣ ਦੇ ਟੀਚੇ ਨੂੰ ਪਾਰ ਕਰਦਿਆਂ 5109 ਨੌਜਵਾਨਾਂ ਨੂੰ ਦਿਵਾਇਆ ਰੋਜ਼ਗਾਰ
*** ਨੌਜਵਾਨਾਂ ਨੂੰ ਮਿਲਿਆ 1.8 ਲੱਖ ਰੁਪਏ ਤੋਂ ਲੈ ਕੇ 3.60 ਲੱਖ ਰੁਪਏ ਤੱਕ ਦਾ ਪੈਕੇਜ
***ਮੁੱਖ ਮੰਤਰੀ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਮਿਸ਼ਨ ਨੇ ਬੇਰੋਜ਼ਗਾਰਾਂ ਨੂੰ ਦਿਖਾਈ ਨਵੀਂ ਰਾਹ : ਅਰੋੜਾ
ਹੁਸ਼ਿਆਰਪੁਰ, 6 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਛੇਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੀ ਸਮਾਲ ਕੈਟਾਗਿਰੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਖੁਲਾਸਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਨੂੰ 2000 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਉਣ ਦੇ ਮਿਲੇ ਟੀਚੇ ਤੋਂ ਢਾਈ ਗੁਣਾਂ ਵੱਧ ਨੌਕਰੀਆਂ ਦਿਵਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ 5109 ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਮੁਤਾਬਕ ਵੱਖ-ਵੱਖ ਕੰਪਨੀਆਂ ਨੇ ਸਬੰਧਤ ਖੇਤਰਾਂ ਵਿੱਚ 1.8 ਲੱਖ ਰੁਪਏ ਤੋਂ ਲੈ ਕੇ 3.60 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ ’ਤੇ ਨੌਕਰੀਆਂ ਦਿੱਤੀਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀ ਛੇਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਮੌਕੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਸ਼ਿਰਕਤ ਕਰਨ ਉਪਰੰਤ ਉਦਯੋਗ ਤੇ ਵਣਜ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲਾਮਿਸਾਲ ਉਪਰਾਲੇ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਨਵੀਂ ਰਾਹ ਦਿਖਾਉਂਦਿਆਂ ਉਨ੍ਹਾਂ ਦੇ ਭਵਿੱਖ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 13 ਰੋਜ਼ਗਾਰ ਮੇਲੇ ਲਗਾਏ ਗਏ ਜਿਨ੍ਹਾਂ ਵਿੱਚ 112 ਕੰਪਨੀਆਂ ਨੇ ਹਿੱਸਾ ਲਿਆ ਅਤੇ 6615 ਆਸਾਮੀਆਂ ਲਈ ਹਾਜ਼ਰ ਹੋਏ ਸੱਤ ਹਜ਼ਾਰ ਦੇ ਕਰੀਬ ਨੌਜਵਾਨਾਂ ਵਿੱਚੋਂ 5109 ਉਮੀਦਵਾਰਾਂ ਨੂੰ ਮੌਕੇ ’ਤੇ ਹੀ ਨੌਕਰੀ ਲਈ ਚੁਣ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ 4396 ਲੜਕੇ ਅਤੇ 713 ਲੜਕੀਆਂ ਦੀ ਬੈਂਕਿੰਗ, ਬੀਮਾ, ਹਸਪਤਾਲ, ਸਕੂਲ ਅਤੇ ਕਾਲਜ, ਆਟੋ ਮੋਬਾਇਲ, ਟੈਕਸਟਾਈਲ, ਸਕਿਓਰਿਟੀ, ਪਲਾਈਵੁੱਡ ਆਦਿ ਖੇਤਰਾਂ ਤੋਂ ਇਲਾਵਾ ਲੋਕਲ ਉਦਯੋਗਾਂ ਲਈ ਵੀ ਚੋਣ ਕੀਤੀ ਗਈ।
ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ’ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਮਿਸ਼ਨ ਤਹਿਤ ਹੁਣ ਤੱਕ 58 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, 4.17 ਲੱਖ ਨੌਜਵਾਨਾਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ 93 ਹਜ਼ਾਰ ਉਮੀਦਵਾਰਾਂ ਨੂੰ ਛੇਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਵਿੱਚ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ 8.80 ਲੱਖ ਨੌਜਵਾਨਾਂ ਨੂੰ ਖੁਦ ਦੇ ਕਾਰੋਬਾਰ ਸ਼ੁਰੂ ਕਰਨ ਲਈ ਵੱਖ-ਵੱਖ ਬੈਂਕਾਂ ਤੋਂ ਕਰਜੇ ਮੁਹੱਈਆ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ ਤਾਂ ਜੋ ਇਹ ਨੌਜਵਾਨ ਆਪੋ-ਆਪਣੇ ਕਾਰੋਬਾਰਾਂ ਨੂੰ ਸੁਚੱਜੇ ਢੰਗ ਨਾਲ ਚਲਾ ਕੇ ਪੈਰੀਂ ਹੋ ਸਕਣ। ਇਕ ਸਵਾਲ ਦੇ ਜਵਾਬ ਵਿੱਚ ਉਦਯੋਗ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਡੀ.ਸੀ. ਰੇਟ ਤੋਂ ਘੱਟ ਤਾਂ ਨੌਕਰੀ ਦਿਵਾਈ ਹੀ ਨਹੀਂ ਜਾਂਦੀ ਅਤੇ ਘੱਟੋ-ਘੱਟ ਤਨਖਾਹ 10 ਹਜ਼ਾਰ ਦੇ ਕਰੀਬ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਾਲਾਨਾ 1.8 ਲੱਖ ਰੁਪਏ ਤੋਂ ਲੈ ਕੇ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਦੇ ਪੈਕੇਜ ਉਮੀਦਵਾਰਾਂ ਨੂੰ ਮੁਹੱਈਆ ਕਰਵਾਏ ਗਏ ਹਨ।
ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਕੇਂਦਰ ਸਰਕਾਰ ਵਲੋਂ ਬੰਦ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵਲੋਂ ਵਜੀਫਾ ਸਕੀਮ ਚਲਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਜਲਦ ਹੀ ਲਾਗੂ ਕਰ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ, ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ, ਹਲਕਾ ਦਸੂਹਾ ਤੋਂ ਵਿਧਾਇਕ ਅਰੁਣ ਡੋਗਰਾ, ਹਲਕਾ ਮੁਕੇਰੀਆਂ ਤੋਂ ਵਿਧਾਇਕ ਇੰਦੂ ਬਾਲਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਕਰਮ ਚੰਦ ਅਤੇ ਵੱਖ-ਵੱਖ ਕੰਪਨੀਆਂ ਵਿੱਚ ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਵੀ ਮੌਜੂਦ ਸਨ।