ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਲਈ ਲਗਾਏ ਗਏ ਰੋਜ਼ਗਾਰ ਮੇਲੇ ’ਚ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ
*ਹੁਸ਼ਿਆਰਪੁਰ ਤੇ ਜਲੰਧਰ ਦੇ 10 ਨਾਮੀ ਹਸਪਤਾਲਾਂ ਨੇ ਵੱਖ-ਵੱਖ ਆਸਾਮੀਆਂ ਲਈ ਕੀਤੀ ਨੌਜਵਾਨਾਂ ਦੀ ਚੋਣ **ਹਸਪਤਾਲਾਂ ਵਲੋਂ ਵੱਖ-ਵੱਖ ਆਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਨਿਯੁਕਤੀ ਪੱਤਰ
ਹੁਸ਼ਿਆਰਪੁਰ / 29 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਸਹਾਇਕ ਸਟਾਫ਼ ਦੀਆਂ ਆਸਾਮੀਆਂ ਦੀ ਭਰਤੀ ਲਈ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜਲੰਧਰ ਦੇ ਨਾਮੀ 10 ਹਸਪਤਾਲਾਂ ਵਲੋਂ ਹਿੱਸਾ ਲਿਆ ਗਿਆ ਅਤੇ ਵੱਖ-ਵੱਖ ਖੇਤਰਾਂ ਦੇ ਨੌਜਵਾਨਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਰੋਜ਼ਗਾਰ ਮੇਲੇ ਵਿੱਚ ਪਹੁੰਚ ਕੇ ਮੇਲੇ ਦਾ ਜਾਇਜ਼ਾ ਲਿਆ ਅਤੇ ਇੰਟਰਵਿਊ ਦੀ ਪ੍ਰਕ੍ਰਿਆ ਤੋਂ ਬਾਅਦ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ ਲਗਾਤਾਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਰੋਜ਼ਗਾਰ ਮੇਲਾ ਵਿਸ਼ੇਸ਼ ਰੂਪ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਲਈ ਲਗਾਇਆ ਗਿਆ ਸੀ, ਜਿਸ ਪ੍ਰਤੀ ਨੌਜਵਾਨਾਂ ਨੇ ਖਾਸ ਉਤਸ਼ਾਹ ਦਿਖਾਇਆ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਐਮ.ਬੀ.ਬੀ.ਐਸ., ਬੀ.ਏ.ਐਮ.ਐਸ., ਜੀ.ਐਨ.ਐਮ., ਬੀ.ਐਸ.ਸੀ. ਅਤੇ ਐਮ.ਐਸ.ਸੀ. (ਨਰਸਿੰਗ), ਡਿਪਲੋਮਾ ਇਨ ਲੈਬ ਟੈਕਨੀਸ਼ਿਅਨ, ਫਾਰਮਾਸਿਸਟ, ਡਰਾਈਵਰ, ਵਾਰਡ ਅਟੈਂਡੈਂਟ, ਸਵੀਪਰ ਆਦਿ ਦੀਆਂ ਆਸਾਮੀਆਂ ਲਈ ਭਰਤੀ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ, ਪਲਸੇਮੈਂਟ ਅਫ਼ਸਰ ਮੰਗੇਸ਼ ਸੂਦ, ਕੈਰਿਅਰ ਕੌਂਸਲਰ ਅਦਿਤਿਆ ਰਾਣਾ ਅਤੇ ਵਿਭਾਗ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਟੀਮ ਵਲੋਂ ਕੀਤੀ ਗਈ ਸਖਤ ਮਿਹਨਤ ਕਾਰਨ ਹੀ ਜ਼ਿਲ੍ਹੇ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਨੂੰ ਸਫ਼ਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਲੱਗਦੇ ਰਹਿਣਗੇ। ਉਨ੍ਹਾਂ ਨੌਕਰੀ ਦੇ ਇਛੁੱਕ ਨੌਜਵਾਨਾਂ ਨਾਲ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ।