ਸੁੰਦਰ ਸ਼ਾਮ ਅਰੋੜਾ ਵਲੋਂ 30 ਸਤੰਬਰ ਤੱਕ ਚੱਲਣ ਵਾਲੇ ਰੋਜ਼ਗਾਰ ਮੇਲੇ ਦੀ ਸ਼ੁਰੂਆਤ
*ਪਹਿਲੇ ਦਿਨ 405 ਉਮੀਦਵਾਰਾਂ ਦੀ ਮੌਕੇ ’ਤੇ ਚੋਣ, ਕੈਬਨਿਟ ਮੰਤਰੀ ਨੇ ਕੁਝ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ **ਕਿਹਾ ਪੰਜਾਬ ਸਰਕਾਰ ਨੇ ਘਰ-ਘਰ ਰੋਜ਼ਗਾਰ ਦਾ ਆਪਣਾ ਵਾਅਦਾ ਪੁਗਾਇਆ
ਹੁਸ਼ਿਆਰਪੁਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਘਰ-ਘਰ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੇਰੋਜ਼ਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਤਹਿਤ ਰਾਜ ਭਰ ਵਿੱਚ ਇਹ ਮੇਲੇ ਲਗਾਏ ਜਾ ਰਹੇ ਹਨ ਜੋ ਕਿ ਲਗਾਤਾਰ ਜਾਰੀ ਰਹਿਣਗੇ।
ਸਥਾਨਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ 30 ਸਤੰਬਰ ਤੱਕ ਚੱਲਣ ਵਾਲੇ ਰੋਜਗਾਰ ਮੇਲੇ ਬਾਰੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਣ ਤੱਕ 19 ਕੰਪਨੀਆਂ ਵਲੋਂ ਆਪਣੇ ਸਟਾਲ ਲਗਾਏ ਗਏ ਹਨ ਜੋ ਕਿ ਆਪੋ-ਆਪਣੇ ਅਦਾਰਿਆਂ ਵਿੱਚ ਲੋੜ ਮੁਤਾਬਕ ਯੋਗ ਉਮੀਦਵਾਰਾਂ ਲਈ ਚੋਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਰੋਜ਼ਗਾਰ ਮੇਲੇ ਵਿੱਚ ਕਰੀਬ 600 ਨੌਜਵਾਨਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ 405 ਨੂੰ ਇੰਟਰਵਿਊ ਰਾਹੀਂ ਮੌਕੇ ’ਤੇ ਹੀ ਚੁਣ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਗੱਲਬਾਤ ਦੌਰਾਨ ਚੁਣੇ ਗਏ ਉਮੀਦਵਾਰਾਂ ਨੇ ਪੰਜਾਬ ਸਰਕਾਰ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਕੋ ਥਾਂ ’ਤੇ ਉਨ੍ਹਾਂ ਦੀ ਲੋੜ ਮੁਤਾਬਕ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਬੇਰੋਜ਼ਗਾਰਾਂ ਨੂੰ ਵੱਖ-ਵੱਖ ਕੰਪਨੀਆਂ ਦੇ ਚੱਕਰ ਨਹੀਂ ਲਾਉਣੇ ਪੈਂਦੇ ਸਗੋਂ ਉਨ੍ਹਾਂ ਨੂੰ ਇਕ ਥਾਂ ’ਤੇ ਹੀ ਇੰਟਰਵਿਊ ਰਾਹੀਂ ਨੌਕਰੀ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਮਹਾਂਮਾਰੀ ਦਾ ਪਸਾਰ ਸਭ ਪਾਸੇ ਹੋਇਆ ਪਿਆ ਹੈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲੇ ਪੂਰੇ ਸਫ਼ਲ ਰਹੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੀਆਂ ਕੰਪਨੀਆਂ ਤੋਂ ਇਲਾਵਾ ਬੈਕਿੰਗ ਸੈਕਟਰ ਵਿੱਚ ਵੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਸਫ਼ਲਤਾ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਜਗਾਰ ਸਬੰਧੀ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 30 ਸਤੰਬਰ ਤੱਕ ਚੱਲਣ ਵਾਲੇ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਨੌਜਵਾਨ ਭਰਪੂਰ ਲਾਹਾ ਲੈਣ ਜਿਥੇ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਮੌਕੇ ’ਤੇ ਹੀ ਆਸਾਮੀ ਅਨੁਸਾਰ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਪਹਿਲਾਂ ਹੀ ਬਲਾਕ ਪੱਧਰ ਤੱਕ ਰੋਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਈਆਂ ਜਾ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਕਾਰਜ ਹੈ।
ਇਸ ਮੌਕੇ ਪਲੇਸਮੈਂਟ ਅਧਿਕਾਰੀ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿਤਿਆ ਰਾਣਾ ਅਤੇ ਬਿਊਰੋ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੇਲੇ ਵਿੱਚ ਐਚ.ਡੀ.ਐਫ.ਸੀ. ਬੈਂਕ, ਸੋਨਾਲੀਕਾ, ਜੇ.ਸੀ.ਟੀ., ਵਰਧਮਾਨ, ਫਿਊਚਰ ਜਨਰਲ ਲਾਈਫ ਇੰਸ਼ੋਰੈਂਸ, ਸ਼ਿਵਮ ਹਸਪਤਾਲ, ਆਈ.ਵੀ.ਵਾਈ. ਹਸਪਤਾਲ, ਪਿਰਾਮਿਡ ਈ ਸਰਵਿਸਜ਼, ਵਰਮਾ ਹੁੰਡਾਈ, ਐਲ.ਆਈ.ਸੀ., ਡਾਇਮੰਡ ਹਰਬਲ, ਪੁਖਰਾਜ ਹੈਲਥ ਕੇਅਰ, ਗਿਆਨਮ ਇੰਸਟੀਚਿਊਟ, ਕਰੰਪਟਨ ਬੱਦੀ, ਕੋਸਮੋਸ ਮੈਨ ਪਾਵਰ, ਰਾਕਮੈਨ ਇੰਡਸਟਰੀ, ਸੀ.ਐਸ.ਸੀ. ਆਦਿ ਕੰਪਨੀਆਂ ਵਲੋਂ ਪਲੇਸਮੈਂਟ ਕੀਤੀ ਗਈ।