ਹੁਸ਼ਿਆਰਪੁਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਿਵਲ ਹਸਪਤਾਲ ਹੁਸਿਆਰਪੁਰ ਵਿੱਚ ਚੱਲ ਰਹੇ ਵਨ ਸਟਾਪ ਸੈਂਟਰ ਵਿੱਚ 3 ਸਕਿਓਰਟੀ ਗਾਰਡਾਂ ਦੀਆਂ ਆਸਾਮੀਆਂ ਨੂੰ ਪੁਰ ਕਰਨ ਤੋਂ ਬਾਅਦ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਨਿਯੁਕਤੀ ਪੱਤਰ ਦਿੱਤੇ। ਇਸ ਦੌਰਾਨ ਏ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖਾਲੀ ਆਸਾਮੀਆਂ ਨੂੰ ਭਰਨ ਲਈ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ ਆਪਣੇ ਆਪ ਵਿੱਚ ਇਕ ਸੰਵੇਦਨਸ਼ੀਲ ਸੰਸਥਾ ਹੈ, ਜਿਥੇ ਮਹਿਲਾ ਅਤੇ ਲੜਕੀਆਂ ਨੂੰ ਮੁਫ਼ਤ ਮੈਡੀਕਲ, ਸਿਹਤ, ਪੁਲਿਸ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸੰਸਥਾ ਵਿੱਚ ਆਉਣ ਵਾਲੀਆਂ ਮਹਿਲਾਵਾਂ ਅਤੇ ਲੜਕੀਆਂ ਦੀ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਯਤਨ ਕੀਤੇ ਜਾਂਦੇ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਵਿੱਚ 373 ਲੜਕੀਆਂ ਅਤੇ ਮਹਿਲਾਵਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵੋਮੈਨ ਹੈਲਪਲਾਈਨ 181 ਰਾਹੀਂ ਪ੍ਰਾਪਤ ਹੋਏ ਕੇਸਾਂ ਨੂੰ ਵੀ ਬਣਦੀ ਸਹਾਇਤਾ ਦਿੱਤੀ ਗਈ ਹੈ। ਇਸ ਮੌਕੇ ਸੈਂਟਰ ਐਡਮਨਿਸਟਰੇਟਰ ਕੁਮਾਰੀ ਮੰਜੂ ਬਾਲਾ ਅਤੇ ਕੁਮਾਰੀ ਪਰਮਿੰਦਰ ਕੌਰ ਵੀ ਮੌਜੂਦ ਸਨ।