December 26, 2024

ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ ‘ਵੇਰਕਾ ਹਲਦੀ ਦੁੱਧ’: ਅਪਨੀਤ ਰਿਆਤ

0

*ਡਿਪਟੀ ਕਮਿਸ਼ਨਰ ਵਲੋਂ ਵੇਰਕਾ ਦਾ ਹਲਦੀ ਦੁੱਧ ਲਾਂਚ, ਹੁਸ਼ਿਆਰਪੁਰ ’ਚ ਵੇਰਕਾ ਬੂਥਾਂ ’ਤੇ ਮਿਲੇਗਾ ਕੇਸਰ ਕੁਲਫੀ ਦੇ ਜਾਇਕੇ ਵਾਲਾ ਗੁਣਕਾਰੀ ਦੁੱਧ **ਸਰਕਾਰੀ ਹਸਪਤਾਲਾਂ ’ਚ ਵੀ ਮਿਲੇਗਾ ਹਲਦੀ ਦੁੱਧ

ਹੁਸ਼ਿਆਰਪੁਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰਥਾ ਨੂੰ ਹੋਰ ਮਜ਼ਬੂਤ ਕਰਨ ਲਈ ਵੇਰਕਾ ਵਲੋਂ ਤਿਆਰ ਕੀਤੇ ਗੁਣਕਾਰੀ ‘ਹਲਦੀ ਦੁੱਧ’ ਨੂੰ ਅੱਜ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲਾਂਚ ਕੀਤਾ।

ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਵੇਰਵਾ ‘ਹਲਦੀ ਦੁੱਧ’ ਲਾਂਚ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਮੌਜੂਦਾ ਕੋਵਿਡ-19 ਦੇ ਸੰਕਟਕਾਲੀਨ ਸਮੇਂ ਵਿੱਚ ਲੋਕਾਂ ਨੂੰ ਸਿਹਤਯਾਬ ਰਹਿਣ ਅਤੇ ਉਨ੍ਹਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਨੂੰ ਹੋਰ ਤਕੜਾ ਕਰਨ ਵਿੱਚ ਇਹ ਪੌਸ਼ਟਿਕ ਪਦਾਰਥ ਬੇਹਦ ਲਾਭਕਾਰੀ ਰਹੇਗਾ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਹਲਦੀ ਦੇ ਕੁਦਰਤੀ ਗੁਣਾਂ ਨਾਲ ਲਵਰੇਜ ਇਹ ਉਤਪਾਦ ਲੋਕਾਂ ਦੀ ਪਸੰਦੀਦਾ ਪੀਣ ਵਾਲੇ ਤਰਲ ਪਦਾਰਥਾਂ ਵਿੱਚ ਆਪਣੀ ਇਕ ਵਿਸ਼ੇਸ਼ ਥਾਂ ਬਣਾਏਗਾ ਕਿਉਂਕਿ ਅਜਿਹੇ ਪਦਾਰਥ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਤੰਦਰੁਸਤ ਰਹਿਣ ਅਤੇ ਇਮਿਊਨਿਟੀ ਵਧਾਉਣ ਲਈ ਕਾਰਗਰ ਹਨ। ਉਨ੍ਹਾਂ ਦੱਸਿਆ ਕਿ ਵੇਰਕਾ ਦਾ ‘ਹਲਦੀ ਦੁੱਧ’ ਵਾਲਾ ਉਪਰਾਲਾ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਲਾਭਕਾਰੀ ਰਹੇਗਾ ਕਿਉਂਕਿ ਇਹ ਦੁੱਧ ਇਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਓਤਕਨਾਲੋਜੀ ਵਿਭਾਗ ਵਲੋਂ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦੁੱਧ ਦਾ ਸਵਾਦ ਹਰ ਉਮਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗਾ ਅਤੇ ਇਹ ਬਿਨ੍ਹਾਂ ਖੋਲ੍ਹੇ 4 ਮਹੀਨੇ ਤੱਕ ਰੱਖਿਆ ਜਾ ਸਕਦਾ ਹੈ।

ਮਿਲਕਫੈਡ ਵਲੋਂ ਉਤਾਰੇ ‘ਹਲਦੀ ਦੁੱਧ’ ਦੇ ਸੰਦਰਭ ਵਿੱਚ ਅਪਨੀਤ ਰਿਆਤ ਨੇ ਕਿਹਾ ਕਿ ਹਲਦੀ ਦੁੱਧ ਸਿਵਲ ਹਸਪਤਾਲ ਅਤੇ ਸਬ-ਡਵੀਜਨ ਪੱਧਰ ’ਤੇ ਹਸਪਤਾਲਾਂ ਵਿੱਚ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਇਸ ਗੁਣਕਾਰੀ ਦੁੱਧ ਦਾ ਸੇਵਨ ਵੱਧ ਤੋਂ ਵੱਧ ਲੋਕ ਕਰ ਸਕਣ।

ਇਸ ਮੌਕੇ ਵੇਰਕਾ ਦੇ ਅੱਜੋਵਾਲ ਪਲਾਂਟ ਦੇ ਜਨਰਲ ਮੈਨੇਜਰ ਅਨਿਲ ਸਲਾਰੀਆ ਨੇ ਦੱਸਿਆ ਕਿ ਇਹ ਦੁੱਧ ਵਲਿੱਖਣ ਕਿਸਮ ਦੇ ਹਲਦੀ ਫਾਰਮੂਲੇ ਤੋਂ ਤਿਆਰ ਕੀਤਾ ਗਿਆ ਹੈ ਜੋ ਕਿ ਆਮ ਹਲਦੀ ਨਾਲੋਂ ਮਨੁੱਖ ਸਰੀਰ ਦੀ ਹਜ਼ਮ ਸ਼ਕਤੀ ਨੂੰ ਕਾਫ਼ੀ  ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਨੇ ਇਸ ਲਾਜਵਾਬ, ਗੁਣਭਰਪੂਰ ਸੁਆਦੀ, ਸਿਹਤਮੰਦ ਅਤੇ ਇਮਿਊਨਿਟੀ ਵਧਾਉਣ ਵਾਲੇ ਡਰਿੰਕ ਨੂੰ ਬਣਾਉਣ ਲਈ ਪੂਰੀ ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਸਰ ਕੁਲਫੀ ਵਾਲਾ ਇਹ ਪਦਾਰਥ ਵੇਰਕਾ ਬੂਥਾਂ ’ਤੇ ਉਪਲਬੱਧ ਰਹੇਗਾ ਜਿਸ ਦੀ ਕੀਮਤ 25 ਰੁਪਏ 200 ਮਿਲੀਲਿਟਰ ਹੋਵੇਗੀ ਜੋ ਕਿ ਹਰ ਉਮਰ ਵਰਗ ਲਈ ਲਾਭਕਾਰੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ, ਵੇਰਕਾ ਦੇ ਅੱਜੋਵਾਲ ਪਲਾਂਟ ਦੇ ਕੁਆਲਿਟੀ ਕੰਟਰੋਲ ਇੰਚਾਰਜ ਹਿਮਾਂਸ਼ੂ ਗੁਪਤਾ, ਮਾਰਕੀਟਿੰਗ ਇੰਚਾਰਜ ਦਿਨੇਸ਼ ਰੋਘਾ, ਪ੍ਰੋਡਕਸ਼ਨ ਮੈਨੇਜਰ ਸ਼ਤੇਂਦਰਾ ਮੌਰਿਆ, ਪ੍ਰੋਕਿਓਰਮੈਂਟ ਇੰਚਾਰਜ ਨਵਤੇਜ ਰਿਆੜ ਅਤੇ ਅਕਾਊਂਟਸ ਇੰਚਾਰਜ ਕ੍ਰਿਤਿਕਾ ਕਤਿਆਲ ਵੀ ਮੌਜੂਦ ਸਨ। 

Leave a Reply

Your email address will not be published. Required fields are marked *