November 23, 2024

8 ਬੋਰੀਆਂ ਚੂਰਾ ਪੋਸਤ, 1350 ਬੋਤਲਾਂ ਨਾਜ਼ਾਇਜ ਸ਼ਰਾਬ ਸਣੇ 5 ਕਾਬੂ

0

*ਜੰਮੂ ਤੋਂ ਡੋਡੇ ਲੈ ਕੇ ਆ ਰਿਹਾ ਟਰੱਕ ਨਾਕਾਬੰਦੀ ਤੋੜ ਕੇ ਲੰਘਿਆ, ਪੁਲਿਸ ਵਲੋਂ ਪਿੱਛਾ ਕਰਕੇ ਕੀਤਾ ਕਾਬੂ **1350 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 4 ਕਾਬੂ ***ਨਸ਼ਿਆਂ ਖਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ: ਨਵਜੋਤ ਸਿੰਘ ਮਾਹਲ

ਹੁਸ਼ਿਆਰਪੁਰ / 23 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਵਿੱਚ 8 ਬੋਰੀਆਂ ਚੂਰਾ-ਪੋਸਤ ਅਤੇ 1350 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਅਤੇ ਸ਼ਰਾਬ ਮਾਫੀਆ ਖਿਲਾਫ਼ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ 3 ਕੁਇੰਟਲ 12 ਕਿਲੋ ਚੂਰਾ ਪੋਸਤ ਅਤੇ 10,12,500 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸ.ਪੀ. (ਤਫਤੀਸ਼) ਰਵਿੰਦਰਪਾਲ ਸਿੰਘ ਸੰਧੂ ਅਤੇ ਡੀ.ਐਸ.ਪੀ. ਜਗਦੀਸ਼ ਰਾਜ ਅਤਰੀ ਦੀ ਦੇਖਰੇਖ ਵਿੱਚ ਐਸ.ਐਚ.ਓ. ਥਾਣਾ ਸਿਟੀ ਗੋਬਿੰਦਰ ਕੁਮਾਰ ਨੇ ਜੰਮੂ-ਕਸ਼ਮੀਰ ਤੋਂ ਆ ਰਹੇ ਟਰੱਕ ’ਚੋਂ ਪੂਰਾ ਪੋਸਤ ਬਰਾਮਦ ਕੀਤਾ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਗੋਬਿੰਦਰ ਕੁਮਾਰ ਨੇ ਨੇੜੇ ਨਲੋਈਆਂ ਚੌਕ ਦੁਪਹਿਰ ਕਰੀਬ 1 ਵਜੇ ਟਰੱਕ ਨੰਬਰ ਜੇ.ਕੇ.02-ਏ ਜੀ-0785 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਮਨਸਾ ਹੁਸੈਨ ਵਾਸੀ ਚਨਿਆਸ ਜ਼ਿਲ੍ਹਾ ਡੋਡਾ, ਜੰਮੂ-ਕਸ਼ਮੀਰ ਨੇ ਨਾਕਾਬੰਦੀ ਤੋੜਦਿਆਂ ਟਰੱਕ ਭਜਾ ਲਿਆ। ਉਪਰੰਤ ਇੰਸਪੈਕਟਰ ਨੇ ਪੁਲਿਸ ਪਾਰਟੀ ਸਮੇਤ ਪਿੱਛਾ ਕਰਕੇ ਧੋਬੀ ਘਾਟ ਨੇੜੇ ਬਤਰਾ ਪੈਲੇਸ ਕੋਲ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਗੱਤੇ ਦੇ ਹੇਠਾਂ ਲੁਕੋ ਕ ਰੱਖੀਆਂ 8 ਬੋਰੀਆਂ (3 ਕੁਇੰਟਲ 12 ਕਿਲੋ) ਚੂਰਾ ਪੋਸਤ ਬਰਾਮਦ ਕੀਤਾ। ਇਸ ਸਬੰਧੀ ਥਾਣਾ ਸਿਟੀ ’ਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61-85 ਤਹਿਤ ਮੁਕੱਦਮਾ ਦਰਜ ਕਰਕੇ ਅੱਗੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਦੂਸਰੀ ਬਰਾਮਦਗੀ ਵਿੱਚ ਡੀ.ਐਸ.ਪੀ. ਦਸੂਹਾ ਅਨਿਲ ਭਨੋਟ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਦੇਵ ਸਿੰਘ ਨੇ ਟੀ-ਪੁਆਇੰਟ ਹਾਜੀਪੁਰ-ਦਸੂਹਾ ’ਤੇ ਦੋ ਕਾਰਾਂ ਮਾਰੂਤੀ-ਸਜੂਕੀ ਪੀ.ਬੀ.08 ਬੀ.ਜੀ. 8569 ਅਤੇ ਇੰਡੀਗੋ ਪੀ.ਬੀ. 37-ਬੀ 8915 ਦੀ ਤਲਾਸ਼ੀ ’ਤੇ ਨਾਜਾਇਜ਼ ਸ਼ਰਾਬ ਦੀਆਂ 1000 ਅਤੇ 350 ਬੋਤਲਾਂ ਕ੍ਰਮਵਾਰ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਨਾਜ਼ਾਇਜ਼ ਸ਼ਰਾਬ ਸਮੇਤ ਦੋਸ਼ੀ ਬੋਵੀ ਤੇ ਜਸਵਿੰਦਰ ਸਿੰਘ ਉਰਫ ਜਿੰਦਰ ਦੋਵੇਂ ਵਾਸੀ ਘਸੀਟਪੁਰ ਅਤੇ ਰੋਹਿਤ ਕੁਮਾਰ ਵਾਸੀ ਇੰਦਰਾ ਕਲੋਨੀ, ਦੀਨਾਨਗਰ ਨਾਲ ਸਿਕੰਦਰ ਵਾਸੀ ਬਾਲਾਖੋਰ ਬਾਣਾ ਇੰਦੋਰਾ, ਕਾਂਗੜਾ, ਹਿਮਾਚਲ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਜਾਇਜ਼ ਸ਼ਰਾਬ ਸਮੇਤ ਫੜੇ ਗਏ ਚਾਰਾਂ ਮੁਲਜ਼ਮਾਂ ਖਿਲਾਫ਼ ਥਾਣਾ ਦਸੂਹਾ ਵਿੱਚ ਦੋਂ ਵੱਖ-ਵੱਖ ਮਾਮਲੇ ਦਰਜ ਕੀਤੇ ਗਏ।

ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਅਤੇ ਇਸ ਨਾਲ ਜੁੜੇ ਹੋਏ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਐਸ.ਐਸ.ਪੀ. ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਆਉਂਦੇ ਦਿਨਾਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਜਿਹੇ ਅਨਸਰਾਂ ਨੂੰ ਪੂਰੀ ਸਖਤੀ ਨਾਲ ਸਿੱਝਿਆ ਜਾਵੇਗਾ। 

Leave a Reply

Your email address will not be published. Required fields are marked *