**ਮਿਸ਼ਨ ਫਤਿਹ: ਯੁਵਕ ਸੇਵਾਵਾਂ ਵਿਭਾਗ ਵਲੋਂ 14 ਤੋਂ 20 ਸਤੰਬਰ ਤੱਕ ਚਲਾਈ ਗਈ ਕੋਰੋਨਾ ਜਾਗਰੂਕਤਾ ਮੁਹਿੰਮ ***13 ਹਜ਼ਾਰ ਤੋਂ ਵੱਧ ਵਲੰਟੀਅਰਾਂ ਨੇ ਚਲਾਈ ਆਨਲਾਈਨ ਅਤੇ ਆਫ਼ਲਾਈਨ ਜਾਗਰੂਕਤਾ ਮੁਹਿੰਮ ***ਐਨ.ਐਸ.ਐਸ., ਰੈਡ ਰਿਬਨ ਕਲੱਬਾਂ ਅਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੇ ਕੀਤੀ ਸ਼ਮੂਲੀਅਤ

ਹੁਸ਼ਿਆਰਪੁਰ, 21 ਸਤੰਬਰ / ਨਿਊ ਸੁਪਰ ਭਾਰਤ ਨਿਊਜ਼:
ਮਿਸ਼ਨ ਫਤਿਹ ਤਹਿਤ ਲੋਕਾਂ ਵਿੱਚ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਦੇ ਉਦੇਸ਼ ਨਾਲ ਯੁਵਕ ਸੇਵਾਵਾਂ ਵਿਭਾਗ ਵਲੋਂ ਚਲਾਈ ਗਈ ਸਪਤਾਹਿਕ ਜਾਗਰੂਕਤਾ ਮੁਹਿੰਮ ਸੰਪਨ ਹੋ ਗਈ। ਵਿਭਾਗ ਵਲੋਂ ਜ਼ਿਲ੍ਹੇ ਦੇ ਐਨ.ਐਸ.ਐਸ., ਰੈਡ ਰਿਬਨ ਕਲੱਬਾਂ, ਯੂਥ ਕਲੱਬਾਂ ਦੀ ਸਹਾਇਤਾ ਨਾਲ ਜਾਗਰੂਕਤਾ ਮੁਹਿੰਮ 14 ਤੋਂ 20 ਸਤੰਬਰ ਤੱਕ ਪੂਰੇ ਜ਼ਿਲ੍ਹੇ ਵਿੱਚ ਚਲਾਈ ਗਈ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੀਤੀ ਗਈ ਸੀ। ਸਪਤਾਹ ਦੌਰਾਨ ਇਸ ਮੁਹਿੰਮ ਵਿੱਚ 13 ਹਜ਼ਾਰ ਤੋਂ ਵੱਧ ਵਲੰਟੀਅਰਾਂ ਨੇ ਆਨਲਾਈਨ ਅਤੇ ਆਫ਼ਲਾਈਨ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ।

ਡਿਪਟੀ ਕਮਿਸ਼ਨਰ ਨੇ ਸਫ਼ਲਤਾਪੂਰਵਕ ਚਲਾਈ ਗਈ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਵਿੱਚ ਐਨ.ਐਸ.ਐਸ., ਰੈਡ ਰਿਬਨ ਕਲੱਬ ਅਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੇ ਬਾਖੂਬੀ ਆਪਣੀ ਜਿੰਮੇਵਾਰੀ ਨੂੰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲ, ਕਾਲਜ ਬੰਦ ਹੋਣ ਦੇ ਬਾਵਜੂਦ ਇਨ੍ਹਾਂ ਵਲੰਟੀਅਰਾਂ ਨੇ ਅੱਗੇ ਆ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ 14 ਸਤੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਪੋਸਟਰਾਂ ਨੂੰ ਲੋਕਾਂ ਤੱਕ ਪਹੁੰਚਾਇਆ, ਇਸ ਤੋਂ ਬਾਅਦ 15 ਸਤੰਬਰ ਨੂੰ ਜ਼ਿਲ੍ਹੇ ਦੇ 350 ਵਲੰਟੀਅਰਾਂ ਨੇ 1-1 ਮਿਨਟ ਦੇ ਵੀਡੀਓ, ਆਡਿਓ ਕਲਿੱਪ ਬਣਾ ਕੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸ਼ੇਅਰ ਕਰਕੇ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕੀਤਾ। 16 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ ਅਤੇ ਮਹਿੰਦੀ ਮੁਕਾਬਲਿਆਂ ਰਾਹੀਂ ਜਾਗਰੂਕਤਾ ਫੈਲਾਈ ਗਈ, ਜਿਸ ਵਿੱਚ 550 ਤੋਂ ਵੱਧ ਵਲੰਟੀਅਰਾਂ ਨੇ ਹਿੱਸਾ ਲੈ ਕੇ ਪੋਸਟਰ ਅਤੇ ਮਹਿੰਦੀ ਬਣਾ ਕੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ।

ਅਪਨੀਤ ਰਿਆਤ ਨੇ ਦੱਸਿਆ ਕਿ 17 ਸਤੰਬਰ ਨੂੰ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ 710 ਵਲੰਟੀਅਰਾਂ ਨੇ ਹਿੱਸਾ ਲਿਆ, 18 ਅਤੇ 19 ਸਤੰਬਰ ਨੂੰ ਵਲੰਟੀਅਰਾਂ ਨੇ ਘਰ-ਘਰ ਸੰਪਰਕ ਮੁਹਿੰਮ ਚਲਾਈ ਜਿਸ ਵਿੱਚ ਜ਼ਿਲ੍ਹੇ ਦੇ 11 ਹਜ਼ਾਰ ਤੋਂ ਵੱਧ ਵਲੰਟੀਅਰਾਂ ਨੇ ਲੋਕਾਂ ਨੂੰ ਕੋਵਿਡ-19 ਸਬੰਧੀ ਜਾਗਰੂਕ ਕੀਤਾ ਅਤੇ ਲੱਛਣ ਆਉਣ ’ਤੇ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੰਦਰ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਲਾਊਡ ਸਪੀਕਰਾਂ ਰਾਹੀਂ ਵੀ ਲੋਕਾਂ ਨੂੰ ਅਫਵਾਹਾਂ ਤੋਂ ਬੱਚਣ ਅਤੇ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। 20 ਸਤੰਬਰ ਨੂੰ ਆਨਲਾਈਨ ਕਵਿਜ ਰਾਹੀਂ ਰਾਤ 10 ਵਜੇ ਤੱਕ 11600 ਤੋਂ ਵੱਧ ਪ੍ਰਤੀਯੋਗੀਆਂ ਨੇ ਇਸ ਕਵਿਜ ਵਿੱਚ ਹਿੱਸਾ ਲਿਆ ਅਤੇ 60 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਹਰ ਭਾਗੀਦਾਰ ਨੂੰ ਆਨਲਾਈਨ ਈ-ਸਰਟੀਫਿਕੇਟ ਭੇਜੇ ਜਾ ਰਹੇ ਹਨ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਦੱਸਿਆ ਕਿ ਆਨਲਾਈਨ ਕਵਿਜ 30 ਸਤੰਬਰ ਤੱਕ ਚੱਲਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਈ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਯੁਵਕਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ।

