November 23, 2024

ਵਿਦਿਆਰਥੀ ਕੋਰੋਨਾ ਜਾਗਰੂਕਤਾ ਮੁਹਿੰਮ ਦੇ ਸਰਗਰਮ ਭਾਈਵਾਲ ਬਣਨ: ਸੁੰਦਰ ਸ਼ਾਮ ਅਰੋੜਾ

0

*ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਕੋਵਿਡ-19 ਤੋਂ ਜਾਗਰੂਕ ਕਰਨ ਦੀ ਅਪੀਲ **ਸਮਾਗਮਾਂ ‘ਚ ਘੱਟੋ-ਘੱਟ ਇਕੱਤਰਤਾ ਕਰਨ ਦੀ ਲੋੜ ‘ਤੇ ਜ਼ੋਰ

ਹੁਸ਼ਿਆਰਪੁਰ / 19 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਕੋਰੋਨਾ ਸੰਕਟ ਦੇ ਮੱਦੇਨਜ਼ਰ ਉਹ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਕੋਰੋਨਾ ਵਾਇਰਸ ਤੋਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।           

ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ ਵਿਖੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਵੱਧ ਤੋਂ ਵੱਧ ਜਾਗਰੂਕਤ ਰਾਹੀਂ ਕੋਰੋਨਾ ਦੇ ਫੈਲਾਅ ਨੂੰ ਠੱਲਿਆ ਜਾ ਸਕਦਾ ਹੈ ਅਤੇ ਜਾਗਰੂਕਤਾ ਮੁਹਿੰਮ ਨੂੰ ਵਿਦਿਆਰਥੀ ਹੋਰ ਵੀ ਵੱਡੇ ਪੱਧਰ ‘ਤੇ ਲਿਜਾ ਸਕਦੇ ਹਨ।       

ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਮੈਂਬਰਾਂ ਅਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਕੋਰੋਨਾ  ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਂਦਿਆਂ ਜਾਗਰੂਕਤਾ ਮੁਹਿੰਮ ਨੂੰ ਜ਼ਮੀਨੀ ਪੱਧਰ ਤੀਕ ਲਿਜਾਣ ਵਿਚ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਉਹ ਆਪਣੇ ਸਕੇ-ਸਬੰਧੀਆਂ ਆਦਿ ਨੂੰ ਮੌਜੂਦਾ ਦੌਰ ਵਿੱਚ ਹੋ ਰਹੇ ਖੁਸ਼ੀ-ਗਮੀ ਦੇ ਸਮਾਗਮਾਂ ਵਿਚ ਨਿਰਧਾਰਤ ਗਿਣਤੀ ਜਾਂ ਘੱਟੋ-ਘੱਟ ਇਕੱਤਰਤਾ ਲਈ ਪ੍ਰੇਰਨ ਤਾਂ ਜੋ ਕੋਵਿਡ-19 ਨੂੰ ਹੋਰ ਫੈਲਣ ਤੋਂ ਅਸਰਦਾਰ ਢੰਗ ਨਾਲ ਰੋਕਿਆ ਜਾ ਸਕੇ।       

ਉਦਯੋਗ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਲੋਕਾਂ ਨੂੰ ਸਿਹਤ ਸਲਾਹਕਾਰੀਆਂ, ਖਾਸਕਰ ਇੱਕ-ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣਾ, ਸਹੀ ਢੰਗ ਨਾਲ ਮਾਸਕ ਪਹਿਨਣਾ ਅਤੇ ਸਮੇਂ-ਸਮੇਂ ਸਿਰ ਹੱਥ ਧੋਣ ਨੂੰ ਆਪਣੀ ਰੋਜਮਰਾ ਦੀ ਜਿੰਦਗੀ ਵਿਚ ਇਨ-ਬਿਨ ਅਪਨਾਉਣ ਲਈ ਵੀ ਉਤਸ਼ਾਹਤ ਕਰਨ।     

ਕੋਵਿਡ ਟੈਸਟਾਂ ਸੰਬੰਧੀ ਉਦਯੋਗ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਪਰਿਵਾਰ ਦਾ ਕੋਈ ਵੀ ਜੀਅ ਖੰਘ, ਬੁਖਾਰ, ਜੁਖਾਮ ਜਾਂ ਕੋਵਿਡ ਦੇ ਲੱਛਣਾਂ ਤੋਂ ਪੀੜਤ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵਿਦਿਆਰਥੀ ਕੋਵਿਡ ਟੈਸਟਾਂ ਬਾਰੇ ਵੀ ਲੋਕਾਂ ਦੇ ਭਰਮ-ਭੁਲੇਖੇ ਦੂਰ ਕਰਨ ਵਿਚ ਮਦਦਗਾਰ ਬਣ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੋਵਿਡ ਪਾਜ਼ਿਟਿਵ ਆ ਜਾਂਦਾ ਹੈ ਤਾਂ ਉਸਨੂੰ ਸਰਕਾਰੀ ਹਦਾਇਤਾਂ ਅਨੁਸਾਰ ਘਰ ਵਿਚ ਹੀ ਏਕਾਂਤਵਾਸ ਕਰਨ ਦੀ ਸਹੂਲਤ ਹੈ। ਉਨਾਂ ਕਿਹਾ ਕਿ ਵਿਦਿਆਰਥੀ ਆਪਣੇ ਪਰਿਵਾਰ ਮੈਂਬਰਾਂ ਅਤੇ ਜਾਣਕਾਰਾਂ ਵਲੋਂ ਸਿਹਤ ਸਲਾਹਕਾਰੀਆਂ ਦੀ ਪੂਰਨ ਤੌਰ ‘ਤੇ ਪਾਲਣਾ ਦੀ ਲੋੜ ‘ਤੇ ਜ਼ੋਰ ਦੇਣ ਜੋ ਕਿ ਮੌਜੂਦਾ ਸੰਕਟ ਵਿੱਚ ਅਤਿ ਜਰੂਰੀ ਹੈ।  

Leave a Reply

Your email address will not be published. Required fields are marked *