ਘਰ-ਘਰ ਰੋਜਗਾਰ ਸਕੀਮ : ਜਲੰਧਰ ਤੇ ਹੁਸ਼ਿਆਰਪੁਰ ਦੇ ਹਸਪਤਾਲਾਂ ’ਚ 193 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ- ਅਪਨੀਤ ਰਿਆਤ
*ਡਿਪਟੀ ਕਮਿਸ਼ਨਰ ਨੇ ਚੁਣੇ ਗਏ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ, ਕਿਹਾ ਸਿਹਤ ਸੇਵਾਵਾਂ ਦੇ ਖੇਤਰ ਲਈ ਲੱਗੇਗਾ ਇਕ ਹੋਰ ਵਿਸ਼ੇਸ਼ ਰੋਜ਼ਗਾਰ ਮੇਲਾ **ਉਮੀਦਵਾਰਾਂ ਨੇ ਇਕ ਪਲੇਟ ਫਾਰਮ ’ਤੇ ਸਹਿਜੇ ਹੀ ਨੌਕਰੀ ਮਿਲਣ ’ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਹੁਸ਼ਿਆਰਪੁਰ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਵੱਖ-ਵੱਖ ਨਾਮੀ ਹਸਪਤਾਲਾਂ ਵਿੱਚ 193 ਨੌਜਵਾਨਾਂ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਦੇ ਖੇਤਰ ਵਿੱਚ ਨੌਕਰੀ ਦਿਵਾਈ ਜਿਨ੍ਹਾਂ ਵਿੱਚ ਡਾਕਟਰ, ਸਟਾਫ਼ ਨਰਸਾਂ, ਲੈਬ ਟੈਕਨੀਸ਼ਨ, ਵਾਰਡ ਅਟੈਂਡੈਂਟ ਆਦਿ ਸ਼ਾਮਲ ਹਨ।
ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ’ਚ ਲੱਗੇ ਇਸ ਤਰ੍ਹਾਂ ਦੇ ਤੀਸਰੇ ਰੋਜ਼ਗਾਰ ਮੇਲੇ ਵਿੱਚ 300 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 3 ਡਾਕਟਰ, 150 ਸਟਾਫ਼ ਨਰਸਾਂ, 40 ਲੈਬ ਟੈਕਨੀਸ਼ਨ, ਵਾਰਡ ਅਟੈਂਡੈਂਟ, ਐਂਬੂਲੈਂਸ ਡਰਾਈਵਰ, ਕੰਪਿਊਟਰ ਓਪਰੇਟਰ ਆਦਿ ਨੂੰ ਵਧੀਆ ਤਨਖਾਹ ਪੈਕੇਜ ਸਮੇਤ ਮੌਕੇ ’ਤੇ ਹੀ ਨਿਯੁਕਤੀ ਪੱਤਰ ਦੇ ਦਿੱਤੇ ਗਏ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੌਕੇ ’ਤੇ ਜਾ ਕੇ ਚੁਣੇ ਗਏ ਕੁਝ ਉਮੀਦਵਾਰਾਂ ਨੂੰ ਨਿੱਜੀ ਤੌਰ ’ਤੇ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨਾਲ ਸਬੰਧਤ ਬੇਰੋਜ਼ਗਾਰਾਂ ਲਈ ਜਲਦ ਹੀ ਇਕ ਹੋਰ ਵਿਸ਼ੇਸ਼ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ ਜਿਸ ਦਾ ਸਬੰਧਤ ਨੌਜਵਾਨਾਂ ਨੂੰ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਚੁਣੇ ਗਏ ਉਮੀਦਵਾਰਾਂ ਨੇ ਆਪਣੀ ਖੁਸ਼ੀ ਦੇ ਪ੍ਰਗਟਾਵੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਉਹ ਅਤਿ ਧੰਨਵਾਦੀ ਹਨ ਜਿਸ ਸਦਕਾ ਉਨ੍ਹਾਂ ਨੂੰ ਇਕੋ ਥਾਂ ’ਤੇ ਵੱਖ-ਵੱਖ ਹਸਪਤਾਲਾਂ ਵਲੋਂ ਲੋੜ ਅਨੁਸਾਰ ਚੁਣ ਲਿਆ ਗਿਆ ਹੈ।
ਅਪਨੀਤ ਰਿਆਤ ਨੇ ਰੋਜ਼ਗਾਰ ਮੇਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੋਵਾਂ ਜ਼ਿਲਿ੍ਹਆਂ ਦੇ 19 ਹਸਪਤਾਲਾਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਘਰ-ਘਰ ਰੋਜ਼ਗਾਰ ਸਕੀਮ ਤਹਿਤ ਇਹ ਮੇਲਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ ਜਿਸ ਦੀ ਕਾਮਯਾਬੀ ਲਈ ਆਈ.ਐਮ.ਏ. ਦੇ ਪ੍ਰਧਾਨ ਡਾ. ਹਰੀਸ਼ ਬਸੀ ਦਾ ਸਹਿਯੋਗ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਹਸਪਤਾਲਾਂ ਵਲੋਂ ਉਮੀਦਵਾਰਾਂ ਦੀ ਇੰਟਰਵਿਊ ਉਪਰੰਤ ਮੌਕੇ ’ਤੇ ਹੀ ਚੋਣ ਕਰ ਲਈ ਗਈ ਅਤੇ ਚੁਣੀਆਂ ਗਈਆਂ ਸਟਾਫ਼ ਨਰਸਾਂ ਵਿੱਚ ਜੀ.ਐਨ.ਐਮ., ਬੀ.ਐਸ.ਸੀ. ਅਤੇ ਐਮ.ਐਸ.ਸੀ. ਨਰਸਿੰਗ ਦੀ ਡਿਗਰੀ ਪ੍ਰਾਪਤ ਨਰਸਾਂ ਵੀ ਸ਼ਾਮਲ ਹਨ।
ਮੈਡੀਕਲ ਅਤੇ ਪੈਰਾ ਮੈਡੀਕਲ ਨਾਲ ਸਬੰਧਤ ਬੇਰੋਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨੌਜਵਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲਦ ਹੀ ਕਰਵਾਏ ਜਾ ਰਹੇ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਕੇ ਵੱਖ-ਵੱਖ ਨਾਮੀ ਹਸਪਤਾਲਾਂ ਵਿੱਚ ਆਪਣੀ ਪਸੰਦ ਦੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀ ਕਰਮ ਚੰਦ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿਤਿਆ ਰਾਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਕਾਮਯਾਬ ਮੇਲੇ ਲਈ ਡਿਪਟੀ ਕਮਿਸ਼ਨਰ ਨੇ ਵਧਾਈ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਬਿਊਰੋ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਉਣ ਲਈ ਦਿਨ-ਰਾਤ ਸਖਤ ਮਿਹਨਤ ਕਰ ਰਿਹਾ ਹੈ ਜੋ ਕਿ ਕਾਬਿਲੇ ਤਾਰੀਫ਼ ਹੈ।
ਅੱਜ ਦੇ ਮੇਲੇ ਦੌਰਾਨ ਸ਼ਾਮਲ ਹਸਪਤਾਲਾਂ ਵਿੱਚ ਆਈ.ਵੀ.ਵਾਈ, ਸ਼ਿਵਮ, ਆਰ.ਆਰ.ਐਮ. ਸੈਂਟਰ, ਅਮਨ ਹਸਪਤਾਲ, ਯੂਨੀਵਰਸਲ ਹਸਪਤਾਲ, ਜੇ ਜੇ ਬੱਚਿਆਂ ਦਾ ਹਸਪਤਾਲ, ਰਵਿੰਦਰਾ ਨਰਸਿੰਗ ਹੋਮ, ਨਾਰਦ ਹਸਪਤਾਲ, ਗੁਲਾਟੀ ਹਸਪਤਾਲ ਅਤੇ ਜਲੰਧਰ ਦੇ ਹਸਪਤਾਲਾਂ ਵਿੱਚ ਕੈਪੀਟੋਲ, ਪਟੇਲ, ਸਰਵੋਦਿਆ, ਐਨ.ਐਚ.ਐਸ., ਜੌਹਲ, ਟੈਗੋਰ, ਆਕਸਫਾਰਡ, ਵਾਸਲ ਅਤੇ ਐਲਟਿਸ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਝ ਦਿਨ ਪਹਿਲਾਂ ਹਸਪਤਾਲਾਂ ਦੀ ਲੋੜ ਮੁਤਾਬਕ 52 ਸਟਾਫ਼ ਨਰਸਾਂ ਨੂੰ ਨੌਕਰੀ ਦਿਵਾਈ ਗਈ ਸੀ।