ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਲਈ 17 ਸਤੰਬਰ ਨੂੰ ਲੱਗੇਗਾ ਰੋਜ਼ਗਾਰ ਮੇਲਾ: ਡਿਪਟੀ ਕਮਿਸ਼ਨਰ

*200 ਦੇ ਕਰੀਬ ਪੋਸਟਾਂ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਹੋਵੇਗੀ ਇੰਟਰਵਿਊ
ਹੁਸ਼ਿਆਰਪੁਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ 17 ਸਤੰਬਰ ਨੂੰ ਮੈਡੀਕਲ ਵਿਦਿਆਰਥੀਆਂ ਲਈ ਵਿਸ਼ੇਸ਼ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਕਰੀਬ 200 ਪੋਸਟਾਂ ਲਈ ਇੰਟਰਵਿਊ ਹੋਵੇਗਾ, ਜਿਨ੍ਹਾਂ ਵਿੱਚ ਐਮ.ਬੀ.ਬੀ.ਐਸ., ਬੀ.ਏ.ਐਮ.ਐਸ., ਬੀ.ਐਸ.ਸੀ. (ਨਰਸਿੰਗ), ਐਮ.ਐਸ.ਸੀ. (ਨਰਸਿੰਗ), ਜੀ.ਐਨ.ਐਮ., ਟੈਕਨੀਸ਼ਿਅਨ, ਡਰਾਈਵਰ, ਸਫਾਈ ਸੇਵਕ ਅਤੇ ਹੋਰ ਹਸਪਤਾਲ ਦੇ ਸਹਾਇਕ ਸਟਾਫ ਲਈ ਵਿਸ਼ੇਸ਼ ਭਰਤੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਸਹਿਯੋਗ ਨਾਲ ਇਸ ਰੋਜ਼ਗਾਰ ਮੇਲੇ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜਲੰਧਰ ਦੇ ਪ੍ਰਸਿੱਧ 15 ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕੀਤੀ ਜਾਵੇਗੀ। ਇਸ ਲਈ ਵੱਧ ਤੋਂ ਵੱਧ ਨੌਜਵਾਨ ਇਸ ਰੋਜ਼ਗਾਰ ਮੇਲੇ ਦਾ ਲਾਭ ਉਠਾਉਣ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 3.00 ਵਜੇ ਤੱਕ ਹੋਵੇਗਾ।