ਡਿਪਟੀ ਕਮਿਸ਼ਨਰ ਵਲੋਂ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਫੋਗਿੰਗ ਸ਼ੁਰੂ ਕਰਨ ਦੇ ਨਿਰਦੇਸ਼
*ਕਮਿਸ਼ਨਰ ਨਗਰ ਨਿਗਮ ਤੇ ਐਸ.ਡੀ.ਐਮਜ਼ ਨੂੰ ਐਕਸ਼ਨ ਪਲਾਨ ਬਣਾਉਣ ਲਈ ਕਿਹਾ **ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਦੀ ਅਪੀਲ
ਹੁਸ਼ਿਆਰਪੁਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡੇਂਗੂ ਅਤੇ ਮਲੇਰੀਆ ਨੂੰ ਅਸਰਦਾਰ ਢੰਗ ਨਾਲ ਕੰਟਰੋਲ ਕਰਨ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਮਿਸ਼ਨਰ ਨਗਰ ਨਿਗਮ ਅਤੇ ਐਸ.ਡੀ.ਐਮਜ਼ ਨੂੰ ਮਿਉਂਸਪਲ ਖੇਤਰਾਂ ਵਿੱਚ ਫੌਗਿੰਗ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਫੌਗਿੰਗ ਮੁਹਿੰਮ ਸਬੰਧੀ ਵਾਰਡਾਂ ਦੇ ਆਧਾਰ ’ਤੇ ਰੋਜ਼ਾਨਾ ਦਾ ਖਾਕਾ ਤਿਆਰ ਕਰਕੇ ਮੁਹਿੰਮ ਦੀ ਫੌਰੀ ਤੌਰ ’ਤੇ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫੌਗਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾ ਲਿਆ ਜਾਵੇ ਕਿ ਫੌਗਿੰਗ ਮਸ਼ੀਨਾਂ ਚੰਗੀ ਤਰ੍ਹਾਂ ਕੰਮ ਕਰਦੀਆਂ ਹੋਣ ਤਾਂ ਜੋ ਫੌਗਿੰਗ ਨੂੰ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਦੇ ਮੱਦੇਨਜ਼ਰ ਲੋੜੀਂਦੀ ਕਾਰਵਾਈ ਕਰਦਿਆਂ ਫੌਗਿੰਗ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤੀ ਜਾਵੇ।
ਅਪਨੀਤ ਰਿਆਤ ਨੇ ਕਿਹਾ ਕਿ ਨਗਰ ਨਿਗਮ ਅਤੇ ਉਪ ਮੰਡਲ ਮੈਜਿਸਟਰੇਟਾਂ ਦੇ ਦਫ਼ਤਰਾਂ ਵਲੋਂ ਬਣਾਏ ਗਏ ਫੌਗਿੰਗ ਚਾਰਟ ਅਨੁਸਾਰ ਸਬੰਧਤ ਅਧਿਕਾਰੀ, ਜਿਨ੍ਹਾਂ ਖੇਤਰਾਂ ਵਿੱਚ ਫੌਗਿੰਗ ਕੀਤੀ ਗਈ ਹੋਵੇ, ਬਾਰੇ ਰਿਪੋਰਟ ਰੋਜ਼ਾਨਾ ਉਨ੍ਹਾਂ ਦੇ ਦਫ਼ਤਰ ਵਿੱਚ ਭੇਜਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਅਤੇ ਗਲੀਆਂ-ਮੁਹੱਲਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ਜਿਥੇ ਮੱਛਰ ਪੈਦਾ ਹੋ ਕੇ ਬਿਮਾਰੀ ਵਧਾਉਂਦੇ ਹਨ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਖੇਤਰ ਵਿੱਚ ਡੇਂਗੂ ਦੇ ਕੇਸ ਸਾਹਮਣੇ ਆਉਂਦੇ ਹਨ ਤਾਂ ਉਸ ਇਲਾਕੇ ਵਿੱਚ ਲਗਾਤਾਰ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਸਵੱਛਤਾ ਨੂੰ ਬਰਕਰਾਰ ਰੱਖਣ ਲਈ ਅਚਨਚੇਤੀ ਚੈਕਿੰਗ ਅਤੇ ਸਵੱਛਤਾ ਦੀ ਉਲੰਘਣਾ ਲਈ ਲੋੜੀਂਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।