*ਪੰਜਾਬ ਸਰਕਾਰ ਵਲੋਂ 24 ਤੋਂ 30 ਸਤੰਬਰ ਤੱਕ ਕਰਵਾਇਆ ਜਾਵੇਗਾ ਰੋਜ਼ਗਾਰ ਮੇਲਾ **ਘਰ-ਘਰ ਰੋਜ਼ਗਾਰ ਦੀ ਵੈਬਸਾਈਟ www.pgrkam.com ’ਤੇ ਨੌਜਵਾਨ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਹੁਸ਼ਿਆਰਪੁਰ / 10 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਜਾ ਰਹੇ ਛੇਵੇਂ ਰਾਜ ਪੱਧਰੀ ਮੇਲੇ ਵਿੱਚ ਹਿੱਸਾ ਲੈਣ ਲਈ ਨੌਕਰੀਆਂ ਦੇ ਚਾਹਵਾਨ ਬੇਰੋਜ਼ਗਾਰ ਬਿਨੈਕਾਰ ਵਿਭਾਗ ਦੇ ਆਨਲਾਈਨ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬਿਨੈਕਾਰ ਵਿਭਾਗ ਦੇ ਪੋਰਟਲ www.pgrkam.com ’ਤੇ 14 ਸਤੰਬਰ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਦੇ ਕਾਰਨ ਰੋਜ਼ਗਾਰ ਮੇਲੇ ਵਿੱਚ ਬੱਚਿਆਂ ਦੀ ਇੰਟਰਵਿਊ ਤਿੰਨ ਰੂਪਾਂ ਵਿੱਚ ਵਰਚੁਅਲ, ਫੋਨ ਕਾਲ ਰਾਹੀਂ ਜਾਂ ਛੋਟੇ-ਛੋਟੇ ਸੈਸ਼ਨ ਬਣਾ ਕੇ ਕੀਤੀ ਜਾਵੇਗੀ ਅਤੇ ਇਹ ਇੰਟਰਵਿਊ ਕੁਲ 3831 ਪੋਸਟਾਂ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਦਿਆਂ ਹੋਇਆ ਇੰਟਰਵਿਊ ਕਰਵਾਈ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਇਸ ਮੇਲੇ ਵਿੱਚ ਬੱਚਿਆਂ ਦੀ ਸੁਵਿਧਾ ਲਈ ਜਾਂ ਕਿਸੇ ਪੁੱਛ-ਗਿਛ ਲਈ ਬਿਊਰੋ ਦੇ ਹੈਲਪਲਾਈਨ ਨੰਬਰ 62801-97708 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਵਿੱਚ ਦੂਰ-ਦੁਰਾਡੇ ਇਲਾਕਿਆਂ ਦੇ ਬੱਚੇ ਘਰ ਬੈਠੇ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।