*24 ਤੋਂ 30 ਸਤੰਬਰ ਤੱਕ ਲੱਗਣ ਵਾਲੇ ਰੋਜ਼ਗਾਰ ਮੇਲਿਆਂ ’ਚ ਭਰਵਾਂ ਹਿੱਸਾ ਲੈਣ ਦਾ ਸੱਦਾ
ਹੁਸ਼ਿਆਰਪੁਰ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਦੋ ਦਿਨ ਚੱਲੇ ਰੋਜ਼ਗਾਰ ਮੇਲੇ ਦੌਰਾਨ 64 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮੁਹੱਈਆ ਕਰਵਾਏ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮਾਡਰਨ ਗਰੁੱਪ ਆਫ ਕਾਲਜਿਜ਼ ਮੁਕੇਰੀਆਂ ਵਿੱਚ ਲੱਗੇ ਇਸ ਰੋਜ਼ਗਾਰ ਮੇਲੇ ਵਿੱਚ ਆਈ.ਟੀ.ਆਈ., ਪੋਲੀਟੈਕਨਿਕ ਅਤੇ ਤਕਨੀਕੀ ਡਿਗਰੀ ਪਾਸ 70 ਅਸਾਮੀਆਂ ਲਈ ਮਾਡਰਨ ਆਟੋਮੇਟਿਵ, ਮੰਡੀ ਗੋਬਿੰਦਗੜ੍ਹ ਵਲੋਂ ਇੰਟਰਵਿਊ ਲਈ ਗਈ ਜਿਸ ਵਿੱਚ ਸਰਕਾਰੀ ਬਹੁ-ਤਕਨੀਕੀ ਕਾਲਜ ਤਲਵਾੜਾ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਰਿਆਤ ਬਾਹਰਾ ਕਾਲਜ ਹੁਸ਼ਿਆਰਪੁਰ ਅਤੇ ਮਾਡਰਨ ਗਰੁੱਪ ਆਫ਼ ਕਾਲਜਿਜ਼ ਮੁਕੇਰੀਆਂ ਦੇ ਕਰੀਬ 130 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇੰਟਰਵਿਊ ਉਪਰੰਤ ਕੰਪਨੀ ਦੇ ਨੁਮਾਇੰਦਿਆਂ ਵਲੋਂ 64 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀਆਂ ਟੀਮਾਂ ਵਲੋਂ ਵੱਖ-ਵੱਖ ਕੰਪਨੀਆਂ ਅਤੇ ਅਦਾਰਿਆਂ ਵਿੱਚ ਪਹੁੰਚ ਕਰਕੇ ਖਾਲੀ ਅਸਾਮੀਆਂ ਬਾਰੇ ਨੌਜਵਾਨਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਬੇਰੋਜ਼ਗਾਰ ਘਰ-ਘਰ ਰੋਜ਼ਗਾਰ ਮਿਸ਼ਨ ਦਾ ਲਾਹਾ ਲੈ ਸਕਣ।
ਇਸ ਦੋ ਦਿਨਾਂ ਰੋਜ਼ਗਾਰ ਮੇਲੇ ਦੀ ਕਾਮਯਾਬੀ ਲਈ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ, ਮਾਡਰਨ ਗਰੁੱਪ ਦੇ ਚੇਅਰਮੈਨ ਸੁਰਜੀਤ ਸਿੰਘ, ਕੰਪਨੀ ਦੇ ਐਚ.ਆਰ.ਡੀ. ਵਿੰਗ ਤੋਂ ਆਏ ਕਰਨ ਸ਼ਰਮਾ, ਸਤਵਿੰਦਰ ਸਿੰਘ, ਕਾਲਜ ਦੇ ਪਲੇਸਮੈਂਟ ਅਫ਼ਸਰ ਲਵਪ੍ਰੀਤ ਸਿੰਘ, ਸਰਕਾਰੀ ਬਹੁ-ਤਕਨੀਤੀ ਕਾਲਜ ਤਲਵਾੜਾ ਦੇ ਪਲੇਸਮੈਂਟ ਅਫ਼ਸਰ ਸੁਕੀਰਤ ਪਾਲ ਸਿਆਲ ਨੇ ਅਹਿਮ ਭੂਮਿਕਾ ਨਿਭਾਈ।
ਇਸੇ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ 24 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ 3831 ਪੋਸਟਾਂ ਲਈ ਵੱਖ-ਵੱਖ ਸੰਸਥਾਨਾਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ ਜਿਸ ਲਈ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਇਨ੍ਹਾਂ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨੌਕਰੀਆਂ ਦੇ ਚਾਹਵਾਨ ਉਮੀਦਵਾਰ ਆਪਣੇ ਆਪ ਨੂੰ www.pgrkam.com ’ਤੇ 14 ਸਤੰਬਰ ਤੋਂ ਪਹਿਲਾਂ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 62801-97708 ਰਾਹੀਂ ਹੋਰ ਜਾਣਕਾਰੀ ਹਾਸਲ ਕਰ ਸਕਦੇ ਹਨ।