December 27, 2024

ਅਨਲਾਕ-4 ਤਹਿਤ ਨਵੇਂ ਹੁਕਮ ਜਾਰੀ, ਸ਼ਨੀਵਾਰ ਨੂੰ ਨਹੀਂ ਲੱਗੇਗਾ ਕਰਫਿਊ: ਅਪਨੀਤ ਰਿਆਤ

0

*ਦੁਕਾਨਾਂ ’ਤੇ ਮਾਲ ਰਾਤ 9 ਵਜੇ ਤੱਕ ਖੁੱਲੇ ਰਹਿ ਸਕਣਗੇ **ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ/ਮਾਲ ਸਾਰਾ ਹਫ਼ਤਾ ਰਾਤ 9 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ***ਹਸਤਪਾਲ, ਲੈਬਾਰਟਰੀਆਂ, ਦਵਾਈਆਂ ਦੀ ਦੁਕਾਨਾਂ ਆਦਿ 24 ਘੰਟੇ ਖੋਲ੍ਹਣ ਦੀ ਇਜਾਜ਼ਤ

ਹੁਸ਼ਿਆਰਪੁਰ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਨਲਾਕ-4 ਤਹਿਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਨੀਵਾਰ ਦਾ ਕਰਫਿਊ ਨਹੀਂ ਲੱਗੇਗਾ ਜਦਕਿ ਐਤਵਾਰ ਨੂੰ ਮਿਊਂਸਪਲ ਹੱਦਾਂ ਵਿੱਚ ਮੁਕੰਮਲ ਕਰਫਿਊ ਬਰਕਰਾਰ ਰਹੇਗਾ।

ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਕੋਰੋਨਾ ਸਬੰਧੀ ਚੱਲ ਰਹੀਆਂ ਬੰਦਿਸ਼ਾਂ ਵਿੱਚ ਛੋਟ ਦਿੰਦਿਆਂ ਕਿਹਾ ਕਿ ਇਹ ਹੁਕਮ 9 ਸਤੰਬਰ ਤੋਂ 30 ਸਤੰਬਰ ਤੱਕ ਲਾਗੂ ਰਹਿਣਗੇ। ਉਨ੍ਹਾਂ ਦੱਸਿਆ ਕਿ ਹੁਣ ਗੈਰ-ਜ਼ਰੂਰੀ ਗਤੀਵਿਧੀਆਂ ਲਈ ਰਾਤ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਮੂਵਮੈਂਟ ’ਤੇ ਪਾਬੰਦੀ ਰਹੇਗੀ।         

ਨਵੀਆਂ ਹਦਾਇਤਾਂ ਅਨੁਸਾਰ ਹੁਣ ਸਾਰੀਆਂ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ 9 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਰਹੇਗੀ। ਇਸੇ ਤਰ੍ਹਾਂ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ/ਮਾਲਜ਼ ਪੂਰਾ ਹਫ਼ਤਾ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸਾਰੀਆਂ ਧਾਰਮਿਕ ਸਥਾਨ, ਖੇਡ ਸਟੇਡੀਅਮ/ਜਨਤਕ ਕੰਪਲੈਕਸ, ਰੈਸਟੋਰੈਂਟ ਸਮੇਤ ਮਾਲਾਂ ਵਿੱਚ ਸਥਿਤ ਹੋਟਲ ਅਤੇ ਰੈਸਟੋਰੈਂਟ, ਹੋਟਲ ਅਤੇ ਸ਼ਰਾਬ ਦੀਆਂ ਦੁਕਾਨਾਂ ਪੂਰਾ ਹਫ਼ਤਾ ਰਾਤ 9 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਜ਼ਿਲ੍ਹੇ ਵਿੱਚ ਸਥਿਤ ਸਿਹਤ ਸੰਸਥਾਵਾਂ ਜਿਵੇਂ ਕਿ ਹਸਪਤਾਲ, ਲੈਬਾਰਟਰੀਆਂ, ਡਾਇਗਨੋਸਟਿਕ ਸੈਂਟਰ ਅਤੇ ਦਵਾਈ ਦੀਆਂ ਦੁਕਾਨਾਂ ਪੂਰਾ ਹਫ਼ਤਾ 24 ਘੰਟੇ ਖੋਲ੍ਹੀਆਂ ਜਾ ਸਕਦੀਆਂ ਹਨ।         

ਚਾਰ ਪਹੀਆ ਵਾਹਨਾਂ ਵਿਚ ਡਰਾਇਵਰ ਸਮੇਤ ਤਿੰਨ ਵਿਅਕਤੀ ਸਫਰ ਕਰ ਸਕਦੇ ਹਨ ਜਦਕਿ ਬੱਸਾਂ ਅਤੇ ਜਨਤਕ ਟਰਾਂਸਪੋਰਟ ਵਾਹਨਾਂ ਵਿਚ ਅੱਧੀਆਂ ਸੀਟਾਂ ਹੀ ਭਰੀਆਂ ਜਾ ਸਕਦੀਆਂ ਹਨ । ਹਰ ਤਰ੍ਹਾਂ ਦੇ ਸਮਾਜਿਕ, ਸਿਆਸੀ, ਧਾਰਮਿਕ, ਰੋਸ ਵਿਖਾਵਿਆਂ ਅਤੇ ਧਰਨਿਆਂ ‘ਤੇ ਪਾਬੰਦੀ ਲਗਾਈ ਗਈ ਹੈ। ਸਿਰਫ ਵਿਆਹ ਅਤੇ ਅੰਤਿਮ ਸੰਸਕਾਰ ਮੌਕੇ ਕ੍ਰਮਵਾਰ 30 ਅਤੇ 20 ਵਿਅਕਤੀ ਇਕੱਠੇ ਹੋ ਸਕਦੇ ਹਨ।             

ਹੁਕਮਾਂ ਅਨੁਸਾਰ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਲਈ ਕੌਮੀ ਅਤੇ ਸੂਬਾਈ ਮਾਰਗਾਂ ’ਤੇ ਲੋਕਾਂ ਅਤੇ ਵਾਹਨਾਂ ਦੀ ਗਤੀਵਿਧੀ ਜਾਰੀ ਰੱਖੀ ਜਾ ਸਕੇਗੀ ਜਦਕਿ ਬੱਸਾਂ, ਰੇਲਾਂ ਜਾਂ ਹਵਾਈ ਸਫਰ ਵਾਲੇ ਮੁਸਾਫਰ ਇਸ ਦੌਰਾਨ ਆਪਣੀ ਮੰਜ਼ਿਲ ਤੱਕ ਪੁੱਜ ਸਕਦੇ ਹਨ। ਸਿਹਤ, ਖੇਤੀਬਾੜੀ, ਡੇਅਰੀ, ਮੱਛੀ ਪਾਲਣ, ਬੈਂਕ, ਏਟੀਐਮ, ਸ਼ੇਅਰ ਬਾਜ਼ਾਰ, ਬੀਮਾ ਕੰਪਨੀਆਂ, ਆਨ ਲਾਈਨ ਪੜ੍ਹਾਈ, ਜਨਤਕ ਸਹੂਲਤਾਂ, ਵੱਖ-ਵੱਖ ਸ਼ਿਫਟਾਂ ਵਿਚ ਉਦਯੋਗਾਂ ਲਈ ਜਨਤਕ ਟਰਾਂਸਪੋਰਟ, ਕੰਸਟਰੱਕਸ਼ਨ ਸਨਅਤ, ਨਿੱਜੀ ਤੇ ਸਰਕਾਰੀ ਦਫਤਰ ਅਤੇ ਪ੍ਰਿੰਟ ਤੇ ਵਿਜ਼ੂਅਲ ਮੀਡੀਆ ਇਨ੍ਹਾਂ ਪਾਬੰਦੀਆਂ ਤੋਂ ਬਾਹਰ ਰੱਖੇ ਗਏ ਹਨ। ਇਮਤਿਹਾਨਾਂ, ਯੂਨੀਵਰਸਿਟੀਆਂ/ਬੋਰਡਾਂ, ਲੋਕ ਸੇਵਾ ਕਮਿਸ਼ਨ ਅਤਟ ਹੋਰ ਸੰਸਥਾਵਾਂ ਦੇ ਦਾਖਲੇ/ਦਾਖਲਾ ਟੈਸਟ ਨਾਲ ਜੁੜੇ ਲੋਕਾਂ ਅਤੇ ਵਿਦਿਆਰਥੀਆਂ ‘ਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।         

ਮਹੀਨੇ ਦੇ ਅੰਤ ਤੱਕ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ 50 ਫੀਸਦੀ ਸਟਾਫ ਦੇ ਹਾਜ਼ਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਹਨ। ਦਫਤਰਾਂ ਵਿਚ ਮੁਲਾਕਾਤ/ਕੰਮ ਲਈ ਆਉਣ ਵਾਲਿਆਂ ਨੂੰ ਆਪਣਾ ਕੰਮ ਆਨ ਲਾਈਨ ਕਰਵਾਉਣ ਅਤੇ ਪੰਜਾਬ ਸ਼ਿਕਾਇਤ ਨਿਵਾਰਣ ਸਿਸਟਮ (ਪੀ.ਜੀ. ਆਰ. ਐਸ.) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।

ਹੁਕਮਾਂ ਅਨੁਸਾਰ ਹਦਾਇਤਾਂ ਦੀ ਉਲੰਘਣਾ ਦੀ ਸੂਰਤ ਵਿੱਚ ‘ਆਪਦਾ ਪ੍ਰਬੰਧਨ ਐਕਟ 2005 ਅਤੇ ਆਈ.ਪੀ.ਸੀ.ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ’

Leave a Reply

Your email address will not be published. Required fields are marked *