ਹੁਸ਼ਿਆਰਪੁਰ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਅਧਿਆਪਕ ਦਿਵਸ ’ਤੇ ਕਰਵਾਏ ਗਏ ਲੇਖਨ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਦੇ ਪੰਜਾਬੀ ਮਾਸਟਰ ਜਸਵੰਤ ਰਾਏ ਵਲੋਂ ਪੰਜਾਬ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਪੰਚਾਲ ਨੇ ਖੁਸ਼ੀ ਪ੍ਰਗਟ ਕਰਦਿਆਂ ਅਧਿਆਪਕ ਜਸਵੰਤ ਰਾਏ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੋਣਾਂ ਸਬੰਧੀ ਸੇਵਾਵਾਂ ਦੇਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਆਪਕ ਦਿਵਸ ’ਤੇ ਪੰਜਾਬ ਭਰ ਵਿੱਚ ਅਧਿਆਪਕਾਂ ਦੇ ਕਰਵਾਏ ਲੇਖ ਮੁਕਾਬਲਿਆਂ ਵਿੱਚ ਜੇਤੂ ਰਹੇ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਗੂਗਲ ਮੀਟ ਰਾਹੀਂ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਹਰੇਕ ਜ਼ਿਲ੍ਹੇ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਅਧਿਆਪਕਾਂ ਤੋਂ ਇਲਾਵਾ ਪੰਜਾਬ ਦੇ ਸਮੂਹ ਚੋਣ ਤਹਿਸੀਲਦਾਰਾਂ ਨੇ ਭਾਗ ਲਿਆ। ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਰਾਜ ਪੱਧਰ ਦੇ ਜੇਤੂ ਰਹੇ ਅਧਿਆਪਕਾ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਵਿੱਚੋਂ ਕਰੀਬ 646 ਐਂਟਰੀਆਂ ਪ੍ਰਾਪਤ ਹੋਈਆਂ ਸਨ।