ਹੁਸ਼ਿਆਰਪੁਰ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਜਿਲ੍ਹਾ ਹੁਸ਼ਿਆਰਪੁਰ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਡਿਜੀਟਲ ਮਾਤਾ-ਪਿਤਾ ਮਾਰਗ ਦਰਸ਼ਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ।। ਜਿਸ ਦਾ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ, ਮਾਪਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਖਤਮ ਕਰਨਾ ਅਤੇ ਬੱਚਿਆਂ ਵਿੱਚ ਜੀਵਨ ਹੁਨਰਾਂ ਨੂੰ ਵਿਕਸਿਤ ਕਰਨਾ ਹੈ।।
ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਲ੍ਹਾ ਪ੍ਰੋਗਰਾਮ ਅਫਸਰ, ਬਾਲ ਵਿਕਾਸ ਪ੍ਰੋਜੈਕਟ ਅਫਸਰਾਂ, ਸੁਪਰਵਾਈਜ਼ਰਾਂ , ਆਂਗਨਵਾੜੀ ਵਰਕਰਾਂ ਅਤੇ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਇਹ ਪ੍ਰੋਗਰਾਮ ਸਫਲਤਾ-ਪੂਰਵਕ ਚੱਲ ਸਕੇ।। ਇਸ ਪ੍ਰੋਗਰਾਮ ਤਹਿਤ ਵਿਭਾਗ ਵਲੋਂ ਰੋਜਾਨਾ ਬੱਚਿਆਂ ਦੇ ਵਿਕਾਸ ਨਾਲ਼ ਸਬੰਧਤ ਗਤੀਵਿਧੀਆਾਂ ਆਨਲਾਈਨ ਰਾਹੀਂ ਭੇਜੀਆਂ ਜਾਣਗੀਆਂ, ਜੋ ਕਿ ਸੰਗਠਤ ਬਾਲ ਵਿਕਾਸ ਸੇਵਾਵਾਂ ਸਕੀਮ ਅਧੀਨ ਕੰਮ ਕਰਦੇ ਸਟਾਫ ਦੁਆਰਾ ਰੋਜਾਨਾ ਮਾਪਿਆਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ। ਮਾਪਿਆਂ ਵਲੋਂ ਬੱਚਿਆਂ ਤੋਂ ਇਹ ਗਤੀਵਿਧੀਆਂ ਕਰਵਾ ਕੇ ਵਟਸਐਪ ਰਾਂਹੀ ਵਿਭਾਗੀ ਸਟਾਫ ਨੂੰ ਭੇਜੀਆਂ ਜਾਣਗੀਆਂ ਅਤੇ ਵਧੀਆਂ ਗਤੀਵਿਧੀਆਂ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਵਿਭਾਗ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ।।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਇਸ ਸਮੇਂ 12,128 ਪਰਿਵਾਰਾਂ ਨੂੰ ਇਸ ਪ੍ਰੋਗਰਾਮ ਨਾਲ਼ ਜੋੜਿਆ ਗਿਆ ਹੈ। ਜੋ ਕਿ ਰੋਜਾਨਾ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਵਿਭਾਗ ਨੂੰ ਭੇਜਣਗੇ।। ਅਜਿਹਾ ਕਰਨ ਨਾਲ਼ ਜਿੱਥੇ ਬੱਚਿਆਂ ਦਾ ਰੁਝਾਨ ਵਿੱਚ ਵਾਧਾ ਹੋਵੇਗਾ। ਉੱਥੇ ਉਹ ਹਰ ਪੱਖੋ ਵਿਕਸਿਤ ਵੀ ਹੋਣਗੇ।। ਇਸ ਨਾਲ਼ ਮਾਤਾ-ਪਿਤਾ ਦੇ ਆਪਣੇ ਬੱਚਿਆਂ ਪ੍ਰਤੀ ਝੁਕਾਵ ਵਿੱਚ ਵਾਧਾ ਵੀ ਹੋਵੇਗਾ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਵਿਭਾਗ ਤੋਂ ਪ੍ਰਾਪਤ ਹੋਈ ਅੱਜ ਦੀ ਗਤੀਵਿਧੀ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ, ਸੁਪਰਵਾਈਜ਼ਰਾਂ ਅਤੇ ਆਂਗਨਵਾੜੀ ਵਰਕਰਾਂ ਰਾਂਹੀ ਬੱਚਿਆਂ ਦੇ ਮਾਪਿਆਂ ਤੱਕ ਪੁੱਜਦੀ ਕਰ ਦਿੱਤੀ ਗਈ ਹੈ ਅਤੇ ਦੁਪਹਿਰ ਤੋਂ ਬਾਅਦ ਮਾਪਿਆਂ ਤੋਂ ਬੱਚਿਆਂ ਦੀ ਗਤੀਵਿਧੀ ਸਬੰਧੀ ਹੁੰਗਾਰਾ ਪ੍ਰਾਪਤ ਹੋਣ ’ਤੇ ਵਿਭਾਗ ਨੂੰ ਵਧੀਆਂ ਕਾਰਗੁਜਾਰੀ ਵਾਲੀਆਂ ਗਤੀਵਿਧੀਆਂ ਭੇਜ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ਼ ਬੱਚਿਆਂ ਦੇ ਮਾਤਾ ਪਿਤਾ ਵਿੱਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ।