ਕੋਵਿਡ-19 ਤੋਂ ਜੰਗ ਜਿੱਤਣ ਲਈ ਲੋਕ ਅਫਵਾਹਾਂ ਤੋਂ ਦੂਰ ਰਹਿ ਕੇ ਸਿਹਤ ਵਿਭਾਗ ਦਾ ਵਧਾਉਣ ਉਤਸ਼ਾਹ: ਡਿਪਟੀ ਕਮਿਸ਼ਨਰ
*ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਬੰਧੀ ਤਾਜਾ ਜਾਣਕਾਰੀ ਦੇਣ ਦੇ ਨਾਲ-ਨਾਲ ਟੈਸਟਿੰਗ ਕਰਨ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ **ਕਿਹਾ, ਐਨ.ਜੀ.ਓਜ਼ ਅਤੇ ਸਰਪੰਚ ਆਪਣੇ-ਆਪਣੇ ਖੇਤਰਾਂ ’ਚ ਕੋਵਿਡ-19 ਪ੍ਰਤੀ ਕਰਨ ਜਾਗਰੂਕ ***ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ
ਹੁਸ਼ਿਆਰਪੁਰ / 3 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੀ ਇਸ ਜੰਗ ਵਿੱਚ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਸਭ ਤੋਂ ਵੱਡੀ ਭੂਮਿਕਾ ਸਿਹਤ ਵਿਭਾਗ ਦੀ ਹੈ, ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿਹਤ ਵਿਭਾਗ ਨੂੰ ਸਹਿਯੋਗ ਕਰਦਿਆਂ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਈਏ ਨਾ ਕਿ ਗਲਤ ਲੋਕਾਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਕਰੀਏ। ਉਹ ਬੁੱਧਵਾਰ ਸ਼ਾਮ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਹੁਸ਼ਿਆਰਪੁਰ ਦੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਤੋਂ ਘਬਰਾਉਣ ਨਾ ਬਲਕਿ ਸਾਵਧਾਨੀਆਂ ਅਪਣਾ ਕੇ ਡਟ ਕੇ ਸਾਹਮਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਲੱਛਣ ਆਉਣ ’ਤੇ ਕੋਵਿਡ-19 ਸਬੰਧੀ ਆਪਣਾ ਟੈਸਟ ਜ਼ਰੂਰ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਸਬੰਧੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿੱਚ ਬਣਾਏ ਗਏ ਪੰਜ ਮਾਈ¬ਕ੍ਰੋ ਕੰਟੇਨਮੈਂਟ ਜ਼ੋਨਾਂ ਵਿੱਚ ਰੈਗੁਲਰ ਸੈਂਪਲਿੰਗ ਅਤੇ ਟੈਸਟਿੰਗ ਕਰਵਾਈ ਜਾ ਰਹੀ ਹੈ ਜਦਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਟੇਨਮੈਂਟ ਜ਼ੋਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਲਈ ਲੈਵਲ-2 ਦੇ 217 ਬੈਡ ਅਤੇ ਲੈਵਲ-3 ਲਈ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਨਾਲ 13 ਆਈ.ਸੀ.ਯੂ ਬੈਡ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਆਈ.ਐਮ.ਏ. ਵਲੋਂ ਕੋਵਿਡ ਲਈ ਸਮਰਪਿਤ ਬਹੁਤ ਹੀ ਜਲਦ ਸੈਂਟ ਜੋਸਫ ਹਸਪਤਾਲ ਨੂੰ ਤਿਆਰ ਕਰ ਲਿਆ ਜਾਵੇਗਾ ਜਿਥੇ ਸਿਰਫ ਕੋਵਿਡ ਮਰੀਜ਼ਾਂ ਦਾ ਇਲਾਜ ਹੋਵੇਗਾ।
ਅਪਨੀਤ ਰਿਆਤ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਗੈਰ-ਜ਼ਿੰਮੇਵਾਰ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਟੈਸਟਿੰਗ ਕਰਨ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਖਿਲਾਫ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਅਫਵਾਹ ਫੈਲਾਅ ਦਿੱਤੀ ਗਈ ਹੈ ਕਿ ਹਸਪਤਾਲਾਂ ਵਿੱਚ ਕੋਵਿਡ-19 ਦਾ ਇਲਾਜ ਕਰਵਾਉਣ ਜਾ ਰਹੇ ਲੋਕਾਂ ਦੇ ਅੰਗ ਕੱਢੇ ਜਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ’ਤੇ ਦੋਸ਼ ਲਗਾ ਰਹੇ ਹਾਂ ਜੋ ਕਿ ਕੋਵਿਡ-19 ਦੀ ਮੁਸ਼ਕਿਲ ਘੜੀ ਵਿੱਚ ਦਿਨ-ਰਾਤ ਲੋਕਾਂ ਦੀ ਸੇਵਾ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ, ਅਤੇ ਪਿਛਲੇ 6 ਮਹੀਨਿਆਂ ਤੋਂ ਬਿਨ੍ਹਾਂ ਰੁੱਕੇ, ਬਿਨ੍ਹਾਂ ਛੁੱਟੀ ਕੀਤੇ ਲੋਕਾਂ ਦਾ ਇਲਾਜ ਕਰ ਰਹੀ ਹੈ। ਅਸੀਂ ਐਸਾ ਦੌਰ ਵੀ ਦੇਖਿਆ ਹੈ ਕਿ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਤੋਂ ਬਾਅਦ ਕਈ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸਸਕਾਰ ਮੌਕੇ ਵੀ ਅੱਗੇ ਨਹੀਂ ਆਏ ਉਥੇ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਹੀ ਅੱਗੇ ਆ ਕੇ ਅੰਤਿਮ ਸਸਕਾਰਾਂ ਦੀ ਰਸਮ ਨਿਭਾਈ ਹੈ। ਉਨ੍ਹਾਂ ਕਿਹਾ ਕਿ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਤੁਹਾਨੂੰ ਸਿਹਤਮੰਦ ਰੱਖਣ ਲਈ ਟੈਸਟ ਕਰਨ ਜਾਂਦੀਆਂ ਹਨ ਤਾਂ ਇਸ ਦਾ ਵਿਰੋਧ ਕਰਨ ਨਾਲ ਉਨ੍ਹਾਂ ਦਾ ਮਨੋਬਲ ਟੁੱਟਦਾ ਹੈ, ਜੋ ਕਿ ਕਿਸੇ ਵੀ ਲਿਹਾਜ ਨਾਲ ਸਮਾਜ ਲਈ ਚੰਗਾ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੇ ਭਲੇ ਲਈ ਟੈਸਟਿੰਗ ਕਰ ਰਿਹਾ ਹੈ ਅਤੇ ਜਿੰਨੀ ਜਲਦੀ ਅਸੀਂ ਕੋਵਿਡ ਮਰੀਜ ਦੀ ਪਹਿਚਾਣ ਕਰ ਪਾਵਾਂਗੇ, ਉਨੀ ਜਲਦੀ ਉਸਦਾ ਇਲਾਜ ਹੋ ਸਕੇਗਾ। ਜੇਕਰ ਇਸ ਵਿੱਚ ਦੇਰੀ ਹੋ ਗਈ ਤਾਂ ਇਲਾਜ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜੇਕਰ ਕਿਸੇ ਵਿੱਚ ਬੁਖਾਰ, ਗਲਾ ਖਰਾਬ ਜਾਂ ਖੰਗ ਦੇ ਲੱਛਣ ਆਉਂਦੇ ਹਨ ਤਾਂ ਉਹ ਖੁੱਦ ਅੱਗੇ ਆ ਕੇ ਆਪਣਾ ਕੋਰੋਨਾ ਟੈਸਟ ਕਰਵਾਉਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਠੀਕ ਰੱਖਣ। ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕੋਰੋਨਾ ਪਾਜ਼ੀਟਿਵ ਮਰੀਜ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ ਵਿੱਚ ਜਾਣ ਤੋਂ ਡਰਦੇ ਹਨ। ਸਿਹਤ ਵਿਭਾਗ ਵਲੋਂ ਘੱਟ ਲੱਛਣ ਵਾਲੇ ਪਾਜ਼ੀਵਿਟ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਦੀ ਸੁਵਿਧਾ ਦਿੱਤੀ ਗਈ ਹੈ, ਜਿਨ੍ਹਾਂ ਦੇ ਘਰ ਵਿੱਚ ਪਰਿਵਾਰ ਤੋਂ ਵੱਖਰੇ ਮਰੀਜ ਰੱਖਣ ਦੀ ਸੁਵਿਧਾ ਹੈ, ਉਨ੍ਹਾਂ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਂਦਾ ਹੈ, ਜਿਥੇ ਉਨ੍ਹਾਂ ਨੂੰ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ, ਜਿਨ੍ਹਾਂ ਵਿੱਚ ਪਲਸ ਆਕਸੀਮੀਟਰ, ਥਰਮਾਮੀਟਰ, ਜਿੰਕ ਅਤੇ ਵਿਟਾਮਿਨ-ਸੀ ਦੀਆਂ ਗੋਲੀਆਂ ਸ਼ਾਮਲ ਹਨ। ਇਨ੍ਹਾਂ ਮਰੀਜ਼ਾਂ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਦੱਸਿਆ ਜਾਂਦਾ ਹੈ ਕਿ ਰੋਜ਼ਾਨਾ ਕਿਸ ਤਰ੍ਹਾਂ ਸਿਹਤ ਦੀ ਨਿਗਰਾਨੀ ਕਰਨੀ ਹੈ ਅਤੇ ਕਿਹੜਾ-ਕਿਹੜਾ ਪੈਰਾਮੀਟਰ ਚੈਕ ਕਰਨਾ ਹੈ ਅਤੇ ਲੱਛਣ ਆਉਣ ’ਤੇ ਕਿਸ ਨੰਬਰ ’ਤੇ ਸੰਪਰਕ ਕਰਨਾ ਹੈ।
ਅਪਨੀਤ ਰਿਆਤ ਨੇ ਕਿਹਾ ਕਿ ਲੋਕ ਆਪਣੇ ਇਲਾਕਿਆਂ ਵਿੱਚ ਆਉਣ ਵਾਲੀ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ ਕਰਨ ਅਤੇ ਜਿਸ ਵਿਅਕਤੀ ਵਿੱਚ ਕੋਰੋਨਾ ਦੇ ਲੱਛਣ ਦਿਖਣ ਉਸਨੂੰ ਟੈਸਟਿੰਗ ਲਈ ਉਤਸ਼ਾਹਿਤ ਕਰਨ। ਉਨ੍ਹਾਂ ਐਨ.ਜੀ.ਓਜ਼ ਅਤੇ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ-ਆਪਣੇ ਖੇਤਰਾਂ ਵਿੱਚ ਆਪਣੇ ਮੈਂਬਰਾਂ ਅਤੇ ਪੰਚਾਂ ਰਾਹੀਂ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕਰਨ ਅਤੇ ਅਫਵਾਹਾਂ ਤੋਂ ਬਚਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ-19 ਨੂੰ ਲੈ ਕੇ ਗਲਤ ਅਫਵਾਹਾਂ ਫੈਲਾਈਆਂ ਹਨ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਕਿਸੇ ਨੇ ਅਫਵਾਹ ਫੈਲਾਈ ਤਾਂ ਉਸਦੇ ਖਿਲਾਫ ਵੀ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵਿਆਪਕ ਪੱਧਰ ’ਤੇ ਕੰਟੈਕਟ ਟਰੇਸਿੰਗ ਚੱਲ ਰਹੀ ਹੈ। ਉਨ੍ਹਾਂ ਪਾਜ਼ੀਟਿਵ ਮਰੀਜ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹੀ ਜਾਣਕਾਰੀ ਦੇਣ ਲਈ ਅੱਗੇ ਆਉਣ, ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।