ਲੋਕ ਪੀ.ਜੀ.ਆਰ.ਐਸ ਪੋਰਟਲ ’ਤੇ ਆਨਲਾਈਨ ਸ਼ਿਕਾਇਤਾਂ ਦਰਜ ਕਰਵਾਉਣ: ਅਪਨੀਤ ਰਿਆਤ

*ਆਨਲਾਈਨ ਸ਼ਿਕਾਇਤਾਂ ਦਾ ਹੋਵੇਗਾ ਸਮਾਂਬੱਧ ਨਿਬੇੜਾ http://connect.punjab.gov.in/ ਰਾਹੀਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਹੋ ਸਕਦੀਆਂ ਨੇ ਦਰਜ
ਹੁਸ਼ਿਆਰਪੁਰ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਦੇ ਸਮਾਂਬੱਧ ਨਿਬੇੜੇ ਲਈ ਪੰਜਾਬ ਸਰਕਾਰ ਵਲੋਂ ਪੀ.ਜੀ.ਆਰ.ਐਸ ਤਹਿਤ ਸ਼ੁਰੂ ਕੀਤੇ ਆਨਲਾਈਨ ਪੋਰਟਲ ਦੀ ਵਰਤੋਂ ਕਰਨ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਅਤੇ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਲਈ ਲੋਕ ਸ਼ਿਕਾਇਤ ਨਿਪਟਾਰਾ ਨੀਤੀ ਤਹਿਤ ਆਨਲਾਈਨ ਪੋਰਟਲ ਰਾਹੀਂ ਲੋਕ ਘਰ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਭੇਜਣ ਲਈ ਆਨਲਾਈਨ ਪੋਰਟਲ http://connect.punjab.gov.in/ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਆਪਣੇ ਆਪ ਨੂੰ ਪੋਰਟਲ ’ਤੇ ਰਜਿਸਟਰ ਕਰਨ ਉਪਰੰਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਮਿੱਥੇ ਸਮੇਂ ਵਿੱਚ ਹੋਵੇਗਾ ਅਤੇ ਨਿਪਟਾਰਾ ਹੋਣ ਉਪਰੰਤ ਸ਼ਿਕਾਇਤ ਕਰਤਾ ਨੂੰ ਇਸ ਬਾਰੇ ਕੰਪਿਊਟਰਾਈਜ਼ਡ ਕਾਲ ਜਾਂ ਮੈਸੇਜ ਰਾਹੀਂ ਸੰਦੇਸ਼ ਪ੍ਰਾਪਤ ਹੋਵੇਗਾ। ਜੇਕਰ ਸ਼ਿਕਾਇਤ ਕਰਤਾ ਫੈਸਲੇ ਨਾਲ ਸਹਿਮਤ ਹੋਵੇਗਾ ਤਾਂ ਸ਼ਿਕਾਇਤ ਫਾਈਲ ਕਰ ਦਿੱਤੀ ਜਾਵੇਗੀ ਅਤੇ ਅਸਹਿਮਤੀ ਦੀ ਸੂਰਤ ਵਿੱਚ ਸ਼ਿਕਾਇਤ ਨੂੰ ਕਾਰਵਾਈ ਲਈ ਪੀ.ਜੀ.ਆਰ.ਐਸ ਨੀਤੀ ਤਹਿਤ ਬਣਾਈ ਕਮੇਟੀ ਕੋਲ ਨਿਪਟਾਰੇ ਲਈ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ’ਤੇ ਨਿੱਜੀ ਤੇ ਪਰਿਵਾਰਕ ਝਗੜੇ, ਆਰ.ਟੀ.ਆਈ ਮਾਮਲੇ, ਦੇਸ਼ ਦੀ ਖੇਤਰੀ ਅਖੰਡਤਾ ਜਾਂ ਦੂਸਰੇ ਦੇਸ਼ਾਂ ਨਾਲ ਦੋਸਤਾਨਾਂ ਸਬੰਧਾਂ ਨਾਲ ਜੁੜੇ ਮਾਮਲਿਆਂ ਅਤੇ ਅਦਾਲਤੀ ਮਾਮਲੇ ਨਹੀਂ ਵਿਚਾਰੇ ਜਾਣਗੇ।